ਡੀਏਵੀ ਕਾਲਜ ਫਾਰ ਵੂਮੈਨ ਵਿਦਿਆਰਥਣਾਂ ਮੈਰਿਟ ’ਚ ਸ਼ੁਮਾਰ
ਡੀਏਵੀ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਛਾਉਣੀ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ
Publish Date: Tue, 07 Apr 2026 03:56 PM (IST)
Updated Date: Tue, 07 Apr 2026 03:59 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਥਾਨਕ ਡੀਏਵੀ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਛਾਉਣੀ ਨੇ ਇਕ ਵਾਰ ਫਿਰ ਵਿੱਦਿਅਕ ਖੇਤਰ ਵਿਚ ਮੱਲਾਂ ਮਾਰੀਆਂ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਗਏ ਐੱਮਏ (ਪੰਜਾਬੀ) ਪਹਿਲੇ ਅਤੇ ਤੀਜੇ ਸਮੈਸਟਰ ਦੇ ਨਤੀਜਿਆਂ ਵਿਚ ਕਾਲਜ ਦਾ ਨਤੀਜਾ 100 ਫੀਸਦੀ ਰਿਹਾ। ਕਾਲਜ ਦੀ ਵਿਦਿਆਰਥਣ ਰੇਖਾ ਰਾਣੀ ਐੱਮਏ ਪਹਿਲਾ ਸਮੈਸਟਰ ਨੇ 400 ਵਿੱਚੋਂ 311 ਅੰਕ 77.75 ਪ੍ਰਤੀਸ਼ਤ ਪ੍ਰਾਪਤ ਕਰਕੇ ਪੰਜਾਬ ਯੂਨੀਵਰਸਿਟੀ ਵਿੱਚੋਂ ਪੰਜਵਾਂ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਐੱਮਏ ਤੀਜਾ ਸਮੈਸਟਰ ਦੀ ਵਿਦਿਆਰਥਣ ਪ੍ਰੀਆ ਰਾਣੀ ਨੇ 400 ਵਿੱਚੋਂ 329 ਅੰਕ 82.25 ਪ੍ਰਤੀਸ਼ਤ ਲੈ ਕੇ ਯੂਨੀਵਰਸਿਟੀ ਵਿੱਚੋਂ ਚੌਥਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਐਮਏ ਪਹਿਲਾ ਸਮੈਸਟਰ ’ਚ ਆਗਿਆ ਪ੍ਰੀਤ ਕੌਰ ਨੇ 305 ਅੰਕ 76.25 ਪ੍ਰਤੀਸ਼ਤ ਅਤੇ ਜਸ਼ਨਪ੍ਰੀਤ ਕੌਰ ਨੇ 298 ਅੰਕ 74.5 ਪ੍ਰਤੀਸ਼ਤ ਲੈ ਕੇ ਜ਼ਿਲ੍ਹੇ ਵਿੱਚੋਂ ਕਰਮਵਾਰ ਦੂਜਾ ਤੇ ਤੀਜਾ ਸਥਾਨ ਮੱਲਿਆ। ਐਮਏ ਤੀਜਾ ਸਮੈਸਟਰ ’ਚ ਕਮਲਜੀਤ ਕੌਰ ਨੇ 321 ਅੰਕ 80.25 ਪ੍ਰਤੀਸ਼ਤ ਅਤੇ ਮਮਤਾ ਰਾਣੀ ਨੇ 317 ਅੰਕ 79.25 ਪ੍ਰਤੀਸ਼ਤ ਲੈ ਕੇ ਜ਼ਿਲ੍ਹੇ ਵਿੱਚੋਂ ਕਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਸੀਮਾ ਅਰੋੜਾ ਨੇ ਪੰਜਾਬੀ ਵਿਭਾਗ ਦੇ ਮੁਖੀ ਡਾ. ਅੰਮ੍ਰਿਤ ਪਾਲ ਕੌਰ ਸੰਧੂ ਅਤੇ ਸਮੂਹ ਸਟਾਫ ਦੀ ਮਿਹਨਤ ਦੀ ਸ਼ਲਾਘਾ ਕੀਤੀ ਤੇ ਹੋਣਹਾਰ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।