ਹਰ ਖੇਤਰ ਵਿਚ ਧੀਆਂ ਕਰ ਰਹੀਆਂ ਨੇ ਦੇਸ਼ ਦਾ ਨਾਮ ਰੋਸ਼ਨ : ਡਾ. ਬਲਕਾਰ ਸਿੰਘ
ਬਲਾਕ ਪੀਐੱਚਸੀ ਕੱਸੋਆਣਾ ਦੇ ਵੱਖ ਵੱਖ ਸੈਂਟਰਾਂ ਵਿਚ ਮਨਾਈ ਗਈ ਧੀਆਂ ਦੀ ਲੋਹੜੀ
Publish Date: Tue, 13 Jan 2026 03:39 PM (IST)
Updated Date: Tue, 13 Jan 2026 03:42 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸਮਾਜ ਵਿਚ ਕੁੜੀਆਂ ਤੇ ਮੁੰਡਿਆਂ ਦੀ ਬਰਾਬਰਤਾ ਦਾ ਸੁਨੇਹਾ ਦੇਣ ਲਈ ਪੀਐੱਚਸੀ ਕੱਸੋਆਣਾ ਹੇਠ ਆਉਂਦੇ ਵੱਖ ਵੱਖ ਸਿਹਤ ਕੇਂਦਰਾਂ ਵਿਚ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਬਲਕਾਰ ਸਿੰਘ ਦੀ ਅਗਵਾਈ ਹੇਠ ਧੀਆਂ ਦੀ ਲੋਹੜੀ ਮਨਾਈ ਗਈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਬਲਕਾਰ ਸਿੰਘ ਸੀਨੀਅਰ ਮੈਡੀਕਲ ਅਫਸਰ ਕੱਸੋਆਣਾ ਨੇ ਦੱਸਿਆ ਕਿ ਸਿਹਤ ਵਿਭਾਗ ਤੇ ਸਰਕਾਰ ਵੱਲੋਂ ਸਮਾਜ ਵਿਚ ਕੁੜੀਆਂ ਨੂੰ ਹਰ ਪੱਖ ਤੋਂ ਮਜ਼ਬੂਤ ਤੇ ਸਮਰੱਥ ਬਨਾਉਣ ਲਈ ਲਹਿਰ ਚਲਾਈ ਜਾ ਰਹੀ ਹੈ ।ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਵੀ ਬੱਚੀਆਂ ਨੂੰ ਸਰੀਰਿਕ ਤੇ ਮਾਨਸਿਕ ਤੌਰ ’ਤੇ ਸਿਹਤਮੰਦ ਰੱਖਣ ਲਈ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਜਿਵੇਂ ਕਿ ਛੋਟੀਆਂ ਬੱਚੀਆਂ ਦਾ ਮੁਫਤ ਇਲਾਜ, ਕਿਸ਼ੋਰ ਅਵਸਥਾ ਵਿਚ ਲੜਕੀਆਂ ਦੀ ਕਾਉਂਸਲਿੰਗ ਤੇ ਬੀਮਾਰੀਆਂ ਤੋਂ ਬਚਾਅ ਲਈ ਸਕਰੀਨਿੰਗ। ਇਸ ਦੌਰਾਨ ਵਿਕਰਮਜੀਤ ਸਿੰਘ ਬਲਾਕ ਐਜੁਕੇਟਰ ਤੇ ਡਾ. ਕਰਨਬੀਰ ਸਿੰਘ ਨੇ ਦੱਸਿਆ ਕਿ ਪਿੰਡ ਕੋਹਾਲਾ, ਮੱਲੂਵਾਲੀਏ ਵਾਲਾ, ਖੋਸਾ ਦਲ ਸਿੰਘ, ਲੌਂਗੋਦੇਵਾ, ਠੱਠਾ ਕਿਸ਼ਨ ਸਿੰਘ, ਮੱਲੋ ਕੇ ਅਤੇ ਦੂਜੇ ਸਿਹਤ ਕੇਂਦਰਾਂ ਵਿਖ਼ੇ ਧੀਆਂ ਦੀ ਲੋਹੜੀ ਮਨਾਈ ਗਈ। ਉਨ੍ਹਾਂ ਦੱਸਿਆ ਕਿ ਅਜੋਕੇ ਯੁੱਗ ਵਿੱਚ ਲੜਕੀਆਂ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ ਤੇ ਸਮਾਜ ਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾ ਰਹੀਆਂ ਹਨ,ਜੇਕਰ ਸਿਹਤ ਵਿਭਾਗ ਵਿੱਚ ਲੋਕਾਂ ਨੂੰ ਸੇਵਾਵਾਂ ਦੇਣ ਦੀ ਗੱਲ ਕਰੀਏ ਤਾਂ ਅੋਰਤਾਂ ਦਾ ਸਿਹਤ ਸੇਵਾਵਾਂ ਦੇਣ ਵਿੱਚ ਵੱਡਾ ਯੋਗਦਾਨ ਹੈ।ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਭਰੁਣ ਹੱਤਿਆ ਰੋਕਣ ਲਈ ਤੇ ਗਰਭ ਵਿਚ ਲਿੰਗ ਜਾਂਚ ਕਰਵਾਉਣ ਵਾਲਿਆਂ ਵਿਰੁੱਧ ਸਖਤ ਕਨੂੰਨ ਬਣਾਏ ਹਨ, ਜਿਸ ਤਹਿਤ ਅਜਿਹਾ ਕਰਨ ਵਾਲੇ ਨੂੰ ਤਿੰਨ ਸਾਲ ਸਜ਼ਾ ਤੇ ਜੁਰਮਾਨਾ ਕੀਤਾ ਜਾਂਦਾ ਹੈ।ਜੋ ਸੈਂਟਰ ਅਜਿਹਾ ਕਰਦਾ ਹੈ ਉਸਦਾ ਲਾਇਸੈਂਸ ਵੀ ਕੈਂਸਲ ਕੀਤਾ ਜਾਂਦਾ ਹੈ।ਇਸ ਦੌਰਾਨ ਜਾਗਰੂਕਤਾ ਸੈਮੀਨਾਰ ਵਿਚ ਸੰਪੂਰਨ ਟੀਕਾਕਰਨ ਕਰਵਾ ਚੁੱਕੀਆਂ ਛੋਟੀਆਂ ਬੱਚੀਆਂ ਦਾ ਸਿਹਤ ਵਿਭਾਗ ਵੱਲੋਂ ਸਨਮਾਨ ਕੀਤਾ ਗਿਆ। ਔਰਤ ਦੀ ਮਾਂ ,ਧੀ ਤੇ ਪਤਨੀ ਦੇ ਰੂਪ ਵਿੱਚ ਸਮਾਜ ਨੂੰ ਵੱਡੀ ਦੇਣ ਹੈ।ਇਸ ਦੌਰਾਨ ਅਕਵਿੰਦਰ ਕੌਰ ਸੀਐੱਚਓ, ਅਮਨਜੋਤ ਕੌਰ ਮਲਟੀਪਰਪਜ਼ ਵਰਕਰ,ਅਤੇ ਹੋਰ ਸਿਹਤ ਸਟਾਫ ਹਾਜ਼ਰ ਸੀ।