ਗੁਰੂ ਸਾਹਿਬ ਦੇ ਉਪਦੇਸ਼ਾਂ ’ਤੇ ਚੱਲਣ, ਸੱਚ, ਸੇਵਾ ਤੇ ਸਿਮਰਨ ਨੂੰ ਜੀਵਨ ਦਾ ਹਿੱਸਾ ਬਣਾਉਣ ਦਾ ਦਿੱਤਾ ਸੁਨੇਹਾ
ਗੁਰਦੁਆਰਾ ਕਲਗੀਧਰ ਸਾਹਿਬ ਨੂਰਪੁਰ ਸੇਠਾਂ ਵਿਖੇ ਦਸ਼ਮੇਸ਼ ਆਗਮਨ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Publish Date: Mon, 05 Jan 2026 04:17 PM (IST)
Updated Date: Mon, 05 Jan 2026 04:20 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ
ਫ਼ਿਰੋਜ਼ਪੁਰ : ਗੁਰਦੁਆਰਾ ਕਲਗੀਧਰ ਸਾਹਿਬ ਪਿੰਡ ਨੂਰਪੁਰ ਸੇਠਾਂ ਵਿਖੇ ਦਸ਼ਮੇਸ਼ ਆਗਮਨ ਪੁਰਬ ਬੜੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪਵਿੱਤਰ ਮੌਕੇ ’ਤੇ ਪਿੰਡ ਤੇ ਨੇੜਲੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਸਮਾਗਮ ਦੀ ਸ਼ੁਰੂਆਤ ਧਾਰਮਿਕ ਮਰਿਆਦਾ ਅਨੁਸਾਰ ਜੀ ਦੇ ਆਖੰਡ ਪਾਠ ਸਾਹਿਬ ਨਾਲ ਹੋਈ, ਜਿਨ੍ਹਾਂ ਦੇ ਭੋਗ ਪਾਏ ਗਏ। ਭੋਗ ਉਪਰੰਤ ਸਰਬੱਤ ਦੇ ਭਲੇ, ਸੁਖ-ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਭਾਈ ਬੋਹੜ ਸਿੰਘ, ਭਾਈ ਤਾਰਾ ਸਿੰਘ ਵੱਲੋਂ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਰਾਗੀ ਸਿੰਘਾਂ ਨੇ ਗੁਰੂ ਜਸ ਗਾਇਨ ਕਰਦਿਆਂ ਧੰਨ ਧੰਨ ਦਸ਼ਮੇਸ਼ ਪਿਤਾ ਦੇ ਜੀਵਨ, ਬਲਿਦਾਨ ਅਤੇ ਖਾਲਸਾ ਪੰਥ ਦੀ ਸਥਾਪਨਾ ਬਾਰੇ ਸੰਖੇਪ ਪਰ ਪ੍ਰਭਾਵਸ਼ਾਲੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਗੁਰੂ ਸਾਹਿਬ ਦੇ ਉਪਦੇਸ਼ਾਂ ’ਤੇ ਚੱਲਣ ਅਤੇ ਸੱਚ, ਸੇਵਾ ਤੇ ਸਿਮਰਨ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣ ਦਾ ਸੁਨੇਹਾ ਦਿੱਤਾ। ਧਾਰਮਿਕ ਸਮਾਗਮ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ, ਜਿਸ ਵਿੱਚ ਸੰਗਤਾਂ ਨੇ ਪੰਗਤ ਵਿੱਚ ਬੈਠ ਕੇ ਸੇਵਾ ਭਾਵ ਨਾਲ ਲੰਗਰ ਛਕਿਆ। ਲੰਗਰ ਦੀ ਸੇਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਬੜੀ ਸੁਚੱਜੀ ਢੰਗ ਨਾਲ ਨਿਭਾਈ ਗਈ। ਰਾਤ ਸਮੇਂ ਵਿਸ਼ੇਸ਼ ਤੌਰ ’ਤੇ ਸਜਾਏ ਗਏ ਦੀਵਾਨ ਵਿੱਚ ਭਾਈ ਗਗਨਪ੍ਰੀਤ ਸਿੰਘ, ਮੁੱਖ ਰਾਗੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ, ਵੱਲੋਂ ਗੁਰੂ ਜਸ ਗਾਇਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਦੇਰ ਰਾਤ ਤੱਕ ਚੱਲੇ ਕੀਰਤਨ ਦਰਬਾਰ ਦੌਰਾਨ ਸ਼ਬਦਾਂ ਨਾਲ ਸੰਗਤਾਂ ਨੂੰ ਰਸਭਿੰਨੀ ਗੁਰਬਾਣੀ ਦਾ ਅਨੰਦ ਮਾਣਨ ਦਾ ਮੌਕਾ ਮਿਲਿਆ। ਅੰਤ ਵਿੱਚ ਅਰਦਾਸ ਉਪਰੰਤ ਚਾਹ-ਕੌਫੀ, ਸਮੋਸੇ ਅਤੇ ਬ੍ਰੈੱਡ ਆਦਿ ਦਾ ਲੰਗਰ ਵੀ ਵਰਤਾਇਆ ਗਿਆ। ਸਮੂਹ ਸੰਗਤ ਨੇ ਗੁਰੂ ਘਰ ਵਿੱਚ ਮਿਲੀ ਆਤਮਿਕ ਸ਼ਾਂਤੀ ਅਤੇ ਭਗਤੀਮਈ ਵਾਤਾਵਰਨ ਦੀ ਭਰਪੂਰ ਸਰਾਹਨਾ ਕੀਤੀ।