ਬੀਮਾ ਕਲੇਮ ਲਈ ਖੇਡੀ ਖ਼ਤਰਨਾਕ ਖੇਡ : ਜਿਉਂਦੇ ਭਰਾ ਨੂੰ ਮ੍ਰਿਤਕ ਦਿਖਾ ਕੇ ਕਰੋੜਾਂ ਰੁਪਏ ਹੜੱਪਣ ਦੀ ਸਾਜ਼ਿਸ਼ ਨਾਕਾਮ; ਡਾਕਟਰ ਸਣੇ ਕਈਆਂ 'ਤੇ ਕੇਸ ਦਰਜ!
ਬੀਮਾ ਰਾਸ਼ੀ ਹਾਸਲ ਕਰਨ ਲਈ ਕਥਿਤ ਤੌਰ 'ਤੇ ਰਚੀ ਗਈ ਇੱਕ ਯੋਜਨਾਬੱਧ ਸਾਜ਼ਿਸ਼ ਦਾ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਜਾਂਚ ਤੋਂ ਬਾਅਦ ਅਜਿਹੇ ਮਾਮਲੇ 'ਚ ਮੁਕੱਦਮਾ ਦਰਜ ਕੀਤਾ ਹੈ, ਜਿਸ 'ਚ ਇੱਕ ਵਿਅਕਤੀ 'ਤੇ ਆਪਣੇ ਹੀ ਭਰਾ ਨੂੰ ਮ੍ਰਿਤਕ ਦਿਖਾ ਕੇ ਬੀਮਾ ਕਲੇਮ ਹਾਸਲ ਕਰਨ ਦੀ ਕੋਸ਼ਿਸ਼ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਮਾਮਲੇ 'ਚ ਇੱਕ ਡਾਕਟਰ ਦੀ ਭੂਮਿਕਾ ਵੀ ਜਾਂਚ ਦੇ ਘੇਰੇ 'ਚ ਆ ਗਈ ਹੈ। ਪੁਲਿਸ ਨੂੰ ਪ੍ਰਾਪਤ ਸ਼ਿਕਾਇਤ ਸੰਖਿਆ 3633-ਪੀ.ਸੀ. ਮਿਤੀ 22 ਦਸੰਬਰ 2025 ਦੇ ਆਧਾਰ 'ਤੇ ਕੀਤੀ ਗਈ ਪੜਤਾਲ 'ਚ ਸਾਹਮਣੇ ਆਇਆ ਕਿ ਪਿੰਡ ਗੱਟੀ ਰਾਜੋ ਕੇ ਦੇ ਨਿਵਾਸੀ ਰਮੇਸ਼ ਸਿੰਘ ਪੁੱਤਰ ਸਰੂਪ ਸਿੰਘ ਨ
Publish Date: Fri, 12 Jun 2026 10:37 AM (IST)
Updated Date: Fri, 12 Jun 2026 10:39 AM (IST)

ਜਾਗਰਣ ਸੰਵਾਦਦਾਤਾ, ਫਿਰੋਜ਼ਪੁਰ : ਬੀਮਾ ਰਾਸ਼ੀ ਹਾਸਲ ਕਰਨ ਲਈ ਕਥਿਤ ਤੌਰ 'ਤੇ ਰਚੀ ਗਈ ਇੱਕ ਯੋਜਨਾਬੱਧ ਸਾਜ਼ਿਸ਼ ਦਾ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਜਾਂਚ ਤੋਂ ਬਾਅਦ ਅਜਿਹੇ ਮਾਮਲੇ 'ਚ ਮੁਕੱਦਮਾ ਦਰਜ ਕੀਤਾ ਹੈ, ਜਿਸ 'ਚ ਇੱਕ ਵਿਅਕਤੀ 'ਤੇ ਆਪਣੇ ਹੀ ਭਰਾ ਨੂੰ ਮ੍ਰਿਤਕ ਦਿਖਾ ਕੇ ਬੀਮਾ ਕਲੇਮ ਹਾਸਲ ਕਰਨ ਦੀ ਕੋਸ਼ਿਸ਼ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਮਾਮਲੇ 'ਚ ਇੱਕ ਡਾਕਟਰ ਦੀ ਭੂਮਿਕਾ ਵੀ ਜਾਂਚ ਦੇ ਘੇਰੇ 'ਚ ਆ ਗਈ ਹੈ। ਪੁਲਿਸ ਨੂੰ ਪ੍ਰਾਪਤ ਸ਼ਿਕਾਇਤ ਸੰਖਿਆ 3633-ਪੀ.ਸੀ. ਮਿਤੀ 22 ਦਸੰਬਰ 2025 ਦੇ ਆਧਾਰ 'ਤੇ ਕੀਤੀ ਗਈ ਪੜਤਾਲ 'ਚ ਸਾਹਮਣੇ ਆਇਆ ਕਿ ਪਿੰਡ ਗੱਟੀ ਰਾਜੋ ਕੇ ਦੇ ਨਿਵਾਸੀ ਰਮੇਸ਼ ਸਿੰਘ ਪੁੱਤਰ ਸਰੂਪ ਸਿੰਘ ਨੇ ਕਥਿਤ ਤੌਰ 'ਤੇ ਆਪਣੇ ਭਰਾ ਰਾਕੇਸ਼ ਸਿੰਘ ਦੇ ਨਾਮ 'ਤੇ ਜੀਵਨ ਬੀਮਾ ਪਾਲਿਸੀ ਹਾਸਲ ਕਰਨ ਲਈ ਧੋਖਾਧੜੀ ਦਾ ਸਹਾਰਾ ਲਿਆ। ਜਾਂਚ ਰਿਪੋਰਟ ਅਨੁਸਾਰ ਰਮੇਸ਼ ਸਿੰਘ ਨੇ 2 ਜੁਲਾਈ 2024 ਨੂੰ TATA AIA ਲਾਈਫ ਇੰਸ਼ੋਰੈਂਸ ਕੰਪਨੀ, ਚੰਡੀਗੜ੍ਹ 'ਚ ਪਾਲਿਸੀ ਲਈ ਅਪਲਾਈ ਕਰਦੇ ਸਮੇਂ ਰਾਕੇਸ਼ ਸਿੰਘ ਦੀ ਅਸਲ ਫੋਟੋ ਲਗਾਉਣ ਦੀ ਬਜਾਏ ਪਿੰਡ ਹਬੀਬਵਾਲਾ ਦੇ ਨਿਵਾਸੀ ਗੁਰਜੰਟ ਸਿੰਘ ਪੁੱਤਰ ਜੋਗਿੰਦਰ ਸਿੰਘ ਦੀ ਫੋਟੋ ਦਸਤਾਵੇਜ਼ਾਂ 'ਚ ਲਗਾ ਦਿੱਤੀ।
ਪੁਲਿਸ ਜਾਂਚ 'ਚ ਦੋਸ਼ ਹੈ ਕਿ ਇਹ ਪੂਰਾ ਕੰਮ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਤਾਂ ਜੋ ਭਵਿੱਖ 'ਚ ਬੀਮਾ ਰਾਸ਼ੀ ਦਾ ਦਾਅਵਾ ਪੇਸ਼ ਕੀਤਾ ਜਾ ਸਕੇ। ਮਾਮਲੇ ਨੇ ਉਦੋਂ ਹੋਰ ਗੰਭੀਰ ਰੂਪ ਧਾਰਨ ਕਰ ਲਿਆ ਜਦੋਂ ਜਾਂਚ 'ਚ ਕਥਿਤ ਤੌਰ 'ਤੇ ਇੱਕ ਫਰਜ਼ੀ ਮੌਤ ਦੇ ਸਰਟੀਫਿਕੇਟ (ਡੈੱਥ ਸਰਟੀਫਿਕੇਟ) ਦਾ ਵੀ ਖੁਲਾਸਾ ਹੋਇਆ। ਪੜਤਾਲ ਅਨੁਸਾਰ ਰਮੇਸ਼ ਸਿੰਘ ਨੇ ਡਾਕਟਰ ਸਤਨਾਮ ਸਿੰਘ ਬਗੀਚੀ ਨਾਲ ਮਿਲ ਕੇ ਆਪਣੇ ਭਰਾ ਰਾਕੇਸ਼ ਸਿੰਘ ਦੀ ਮੌਤ ਹਸਪਤਾਲ 'ਚ ਹੋਣ ਸਬੰਧੀ ਇੱਕ ਕਥਿਤ ਜਾਲੀ ਡੈੱਥ ਸਰਟੀਫਿਕੇਟ ਤਿਆਰ ਕਰਵਾਇਆ। ਦੋਸ਼ ਹੈ ਕਿ ਇਸੇ ਫਰਜ਼ੀ ਦਸਤਾਵੇਜ਼ ਦੇ ਆਧਾਰ 'ਤੇ ਬੀਮਾ ਕੰਪਨੀ ਤੋਂ ਕਲੇਮ ਰਾਸ਼ੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਸਮਾਂ ਰਹਿੰਦੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਥਿਤ ਸਾਜ਼ਿਸ਼ ਦਾ ਭਾਂਡਾ ਭੱਜ ਗਿਆ।
ਜਾਂਚ ਪੂਰੀ ਹੋਣ ਤੋਂ ਬਾਅਦ ਥਾਣਾ ਸਦਰ ਫਿਰੋਜ਼ਪੁਰ ਦੇ ਮੁੱਖ ਅਫ਼ਸਰ ਨੇ ਆਪਣੀ ਰਿਪੋਰਟ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ.) ਫਿਰੋਜ਼ਪੁਰ ਨੂੰ ਭੇਜੀ। ਐੱਸ.ਐੱਸ.ਪੀ. ਦੀ ਮਨਜ਼ੂਰੀ ਮਿਲਣ ਤੋਂ ਬਾਅਦ ਸਬੰਧਤ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ, ਜਾਲਸਾਜ਼ੀ, ਫਰਜ਼ੀ ਦਸਤਾਵੇਜ਼ ਤਿਆਰ ਕਰਨ ਅਤੇ ਅਪਰਾਧਿਕ ਸਾਜ਼ਿਸ਼ ਰਚਣ ਵਰਗੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਮਾਮਲੇ 'ਚ ਬੀਮਾ ਪਾਲਿਸੀ ਨਾਲ ਜੁੜੇ ਦਸਤਾਵੇਜ਼, ਬੇਨਤੀ ਪੱਤਰ, ਫੋਟੋ ਰਿਕਾਰਡ ਅਤੇ ਕਥਿਤ ਡੈੱਥ ਸਰਟੀਫਿਕੇਟ ਸਮੇਤ ਕਈ ਮਹੱਤਵਪੂਰਨ ਸਬੂਤ ਕਬਜ਼ੇ 'ਚ ਲਏ ਗਏ ਹਨ। ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਪੂਰੇ ਘਟਨਾਕ੍ਰਮ 'ਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਤਾਂ ਨਹੀਂ ਸੀ ਅਤੇ ਕੀ ਪਹਿਲਾਂ ਵੀ ਇਸੇ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ।
ਇਸ ਮਾਮਲੇ ਨੇ ਬੀਮਾ ਖੇਤਰ 'ਚ ਫਰਜ਼ੀਵਾੜੇ ਦੇ ਵਧ ਰਹੇ ਮਾਮਲਿਆਂ 'ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇਕਰ ਦੋਸ਼ ਸਾਬਤ ਹੁੰਦੇ ਹਨ ਤਾਂ ਇਹ ਸਿਰਫ਼ ਬੀਮਾ ਕੰਪਨੀ ਨਾਲ ਧੋਖਾਧੜੀ ਦਾ ਮਾਮਲਾ ਨਹੀਂ, ਸਗੋਂ ਸਰਕਾਰੀ ਅਤੇ ਨਿੱਜੀ ਦਸਤਾਵੇਜ਼ਾਂ ਦੀ ਭਰੋਸੇਯੋਗਤਾ 'ਤੇ ਵੀ ਸਿੱਧਾ ਹਮਲਾ ਮੰਨਿਆ ਜਾਵੇਗਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਸਬੂਤਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਇਲਾਕੇ 'ਚ ਇਸ ਕਥਿਤ ਬੀਮਾ ਘੁਟਾਲੇ ਦੀ ਚਰਚਾ ਜ਼ੋਰਾਂ 'ਤੇ ਹੈ ਅਤੇ ਲੋਕ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਹਨ।