ਗੈਸ ਸੰਕਟ ’ਚ ਦੇਸ਼ਵਾਸੀਆਂ ਨੂੰ ਸੰਜਮ ਤੇ ਬਚਤ ਦੀ ਅਪੀਲ
ਜੰਗੀ ਤਣਾਅ ਵਿਚ ਰਸੋਈ ਗੈਸ ’ਤੇ ਸੰਕਟ, ਦੇਸ਼ਵਾਸੀਆਂ ਨੂੰ ਸੰਜਮ ਅਤੇ ਬਚਤ ਦੀ ਅਪੀਲ
Publish Date: Wed, 18 Mar 2026 03:39 PM (IST)
Updated Date: Wed, 18 Mar 2026 03:43 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਵਿਸ਼ਵ ਪੱਧਰ ’ਤੇ ਬਣ ਰਹੇ ਤਣਾਅਪੂਰਨ ਜੰਗੀ ਹਾਲਾਤਾਂ ਨੇ ਆਰਥਿਕਤਾ ਅਤੇ ਸਪਲਾਈ ਪ੍ਰਣਾਲੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸਦਾ ਅਸਰ ਭਾਰਤ ਵਿਚ ਰੋਜ਼ਮਰਾ ਦੀਆਂ ਜ਼ਰੂਰਤਾਂ, ਖਾਸ ਕਰਕੇ ਰਸੋਈ ਗੈਸ ਦੀ ਉਪਲੱਬਧਤਾ ’ਤੇ ਵੀ ਸਾਫ਼ ਤੌਰ ’ਤੇ ਵੇਖਿਆ ਜਾ ਰਿਹਾ ਹੈ। ਅਜਿਹੇ ਨਾਜ਼ੁਕ ਸਮੇਂ ’ਚ ਐਂਟੀ ਕਰਪਸ਼ਨ ਫਾਉਂਡੇਸ਼ਨ ਦੇ ਸਟੇਟ ਡਾਇਰੈਕਟਰ ਐਨ ਕੇ ਨਾਰੰਗ, ਜ਼ਿਲਾ ਡਾਇਰੈਕਟਰ ਕਿਰਨ ਗੌੜ, ਸਮਾਜ ਸੇਵੀ ਓਮ ਪ੍ਰਕਾਸ਼ ਪੁਰੀ, ਗੁਲਸ਼ਨ ਸ਼ਰਮਾ ਵੱਲੋਂ ਦੇਸ਼ ਵਾਸੀਆਂ ਨੂੰ ਸੂਝਬੂਝ ਨਾਲ ਕੰਮ ਲੈਣ ਅਤੇ ਗੈਸ ਦੀ ਸੰਭਾਲ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਸਰਕਾਰ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਦੇਸ਼ ਦੇ ਸਰੋਤਾਂ ਦੀ ਸੰਭਾਲ ਕੀਤੀ ਜਾਵੇ। ਭਾਵੇਂ ਸਰਕਾਰ ਵੱਲੋਂ ਗੈਸ ਦੀ ਨਿਰਵਿਘਨ ਸਪਲਾਈ ਲਈ ਵੱਡੇ ਪੱਧਰ ‘ਤੇ ਯਤਨ ਜਾਰੀ ਹਨ ਅਤੇ ਕਈ ਥਾਵਾਂ ’ਤੇ ਕਮਰਸ਼ੀਅਲ ਵਰਤੋਂ ’ਤੇ ਨਿਯੰਤਰਣ ਵੀ ਲਗਾਇਆ ਗਿਆ ਹੈ, ਪਰ ਜਨਤਾ ਦਾ ਸਹਿਯੋਗ ਬਿਨ੍ਹਾ ਇਹ ਮੁਹਿੰਮ ਅਧੂਰੀ ਰਹੇਗੀ। ਉਨ੍ਹਾਂ ਘਰੇਲੂ ਮਹਿਲਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਰਸੋਈ ਪ੍ਰਬੰਧ ’ਚ ਛੋਟੇ-ਛੋਟੇ ਬਦਲਾਅ ਵੱਡੇ ਨਤੀਜੇ ਦੇ ਸਕਦੇ ਹਨ। ਪਰਿਵਾਰਿਕ ਮੈਂਬਰ ਇਕੱਠੇ ਸਮੇਂ ’ਤੇ ਭੋਜਨ ਕਰਨ, ਪਕਵਾਨਾਂ ਦੀ ਗਿਣਤੀ ਘਟਾਈ ਜਾਵੇ ਅਤੇ ਖਾਣਾ ਬਣਾਉਂਦੇ ਸਮੇਂ ਸਾਵਧਾਨੀ ਵਰਤੀ ਜਾਵੇ ਤਾਂ ਗੈਸ ਦੀ ਖਪਤ ‘ਚ ਕਾਫ਼ੀ ਕਮੀ ਆ ਸਕਦੀ ਹੈ। ਸਮਾਜ ਸੇਵੀ ਆਗੂਆਂ ਨੇ ਵਿਸ਼ਵਾਸ ਜਤਾਇਆ ਕਿ ਜੇ ਹਰ ਘਰ ਗੈਸ ਦੀ ਵਰਤੋਂ ’ਚ ਸਿਰਫ 25 ਫੀਸਦੀ ਕਟੌਤੀ ਦਾ ਸੰਕਲਪ ਕਰ ਲਵੇ, ਤਾਂ ਇਹ ਦੇਸ਼ ਲਈ ਵੱਡੀ ਸੇਵਾ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਦੀ ਤਾਕਤ ਉਸਦੇ ਸਜੱਗ ਨਾਗਰਿਕ ਹਨ, ਜੋ ਹਰ ਸੰਕਟ ਵਿਚ ਇਕਜੁੱਟ ਹੋ ਕੇ ਦੇਸ਼ ਨੂੰ ਮਜ਼ਬੂਤੀ ਦਿੰਦੇ ਆਏ ਹਨ।