ਬੰਦਰਗਾਹਾਂ ’ਤੇ ਅਟਕ ਸਕਦਾ ਹੈ ਪੰਜਾਬ ਦਾ ਚਾਵਲ : ਬੀਕੇਯੂ
ਮੱਧ-ਪੂਰਬੀ ਜੰਗੀ ਤਣਾਅ ਦੇ ਸਾਏ ਹੇਠ ਪੰਜਾਬ ਦੀ ਕਿਸਾਨੀ, ਬਾਸਮਤੀ ਨਿਰਯਾਤ ’ਤੇ ਮੰਡਰਾਇਆ ਸੰਕਟ
Publish Date: Fri, 06 Mar 2026 05:21 PM (IST)
Updated Date: Fri, 06 Mar 2026 05:24 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਪੰਜਾਬ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਮੰਨੀ ਜਾਣ ਵਾਲੀ ਕਿਸਾਨੀ ’ਤੇ ਮੱਧ-ਪੂਰਬ ਵਿਚ ਵੱਧ ਰਹੇ ਜੰਗੀ ਤਣਾਅ ਦਾ ਸਿੱਧਾ ਅਸਰ ਪੈਣ ਦੇ ਆਸਾਰ ਬਣ ਰਹੇ ਹਨ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ, ਜ਼ਿਲ੍ਹਾ ਫਿਰੋਜ਼ਪੁਰ ਪ੍ਰਧਾਨ ਹਰਦੀਪ ਸਿੰਘ ਗਿੱਲ ਕਰਮੂਵਾਲਾ ਅਤੇ ਸੂਬਾ ਮੀਡੀਆ ਇੰਚਾਰਜ਼ ਗੈਰੀ ਸਿੰਘ ਬੰਡਾਲਾ ਨੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਪੱਛਮੀ ਏਸ਼ੀਆ, ਯੂਰਪ ਅਤੇ ਅਮਰੀਕੀ ਮਹਾਂਦੀਪ ਦੇ ਦੇਸ਼ਾਂ ਨੂੰ ਵੱਡੇ ਪੱਧਰ ‘ਤੇ ਬਾਸਮਤੀ ਚੌਲ, ਹੌਜ਼ਰੀ, ਆਟੋ ਪੁਰਜ਼ੇ ਅਤੇ ਹੈਂਡ ਟੂਲਜ਼ ਨਿਰਯਾਤ ਕੀਤੇ ਜਾਂਦੇ ਹਨ। ਮੌਜੂਦਾ ਹਾਲਾਤਾਂ ਕਾਰਨ ਨਿਰਯਾਤਕਾਰ ਡਰ ਅਤੇ ਅਣਿਸ਼ਚਿਤਤਾ ਦੇ ਮਾਹੌਲ ਵਿੱਚ ਹਨ। ਉਕਤ ਆਗੂਆਂ ਨੇ ਦੱਸਿਆ ਕਿ ਭਾਰਤ ਤੋਂ ਨਿਰਯਾਤ ਹੋਣ ਵਾਲੇ ਬਾਸਮਤੀ ਵਿੱਚ ਕਰੀਬ 40 ਫ਼ੀਸਦੀ ਹਿੱਸਾ ਇਕੱਲੇ ਪੰਜਾਬ ਦਾ ਹੈ। ਖ਼ਾਸ ਕਰਕੇ ਇਰਾਨ ਭਾਰਤੀ ਬਾਸਮਤੀ ਚੌਲਾਂ ਦਾ ਸਭ ਤੋਂ ਵੱਡਾ ਖਰੀਦਦਾਰ ਰਿਹਾ ਹੈ। ਜੇਕਰ ਖੇਤਰ ਵਿੱਚ ਤਣਾਅ ਵਧਣ ਕਰਕੇ ਖਰੀਦ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ ਜਾਂ ਕਿਸੇ ਵੀ ਕਾਰਨ ਕਰਕੇ ਬਾਸਮਤੀ ਦੀ ਖਰੀਦ ਰੁਕਦੀ ਹੈ, ਤਾਂ ਬੰਦਰਗਾਹਾਂ, ਗੋਦਾਮਾਂ ਅਤੇ ਸੇਲਰਾਂ ਵਿੱਚ ਪਿਆ ਚਾਵਲ ਅਟਕ ਸਕਦਾ ਹੈ। ਯੂਨੀਅਨ ਆਗੂਆਂ ਨੇ ਅਪੀਲ ਕੀਤੀ ਕਿ ਜੰਗੀ ਟਕਰਾਅ ਦਾ ਹੱਲ ਗੱਲਬਾਤ ਰਾਹੀਂ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਅਸਲਾ ਕਿਸੇ ਵੀ ਮਸਲੇ ਦਾ ਸਥਾਈ ਹੱਲ ਨਹੀਂ ਹੋ ਸਕਦਾ। ਨਾਲ ਹੀ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਸੰਜਮ ਨਾਲ ਕਦਮ ਚੁੱਕੇ ਅਤੇ ਦੇਸ਼ ਦੇ ਨਾਗਰਿਕਾਂ ਅਤੇ ਕਿਸਾਨਾਂ ਦੇ ਆਰਥਿਕ ਹਿੱਤਾਂ ਦੀ ਰੱਖਿਆ ਯਕੀਨੀ ਬਣਾਏ। ਮੱਧ-ਪੂਰਬੀ ਹਾਲਾਤਾਂ ਦੇ ਸਾਏ ਹੇਠ ਪੰਜਾਬ ਦੀ ਕਿਸਾਨੀ ਇੱਕ ਨਵੇਂ ਆਰਥਿਕ ਇਮਤਿਹਾਨ ਦੇ ਮੁਕਾਬਲੇ ਖੜੀ ਨਜ਼ਰ ਆ ਰਹੀ ਹੈ।