ਕੌਂਸਲਰ ਸ਼ਰਨਜੀਤ ਕੌਰ ਸੋਢੀ ਤੇ ਰਚਿਤ ਸੋਢੀ ਦੀ ਕਾਂਗਰਸ ’ਚ ਵਾਪਸੀ
ਕੌਂਸਲਰ ਸ਼ਰਨਜੀਤ ਕੌਰ ਸੋਢੀ ਅਤੇ ਰਚਿਤ ਸੋਢੀ ਦੀ ਕਾਂਗਰਸ ਵਿਚ ਵਾਪਸੀ
Publish Date: Mon, 02 Feb 2026 05:52 PM (IST)
Updated Date: Mon, 02 Feb 2026 05:55 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਹੈ, ਜਦੋਂ ਕੌਂਸਲਰ ਸ਼ਰਨਜੀਤ ਕੌਰ ਸੋਢੀ ਅਤੇ ਉਨ੍ਹਾਂ ਦਾ ਲੜਕਾ, ਯੂਥ ਅਕਾਲੀ ਦਲ ਦੇ ਆਗੂ ਰਚਿਤ ਸੋਢੀ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿੱਚ ਵਾਪਸੀ ਕਰ ਲਈ। ਇਹ ਸ਼ਮੂਲੀਅਤ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਅਗਵਾਈ ਵਿਚ ਹੋਈ, ਜਿੱਥੇ ਦੋਵੇਂ ਮਾਂ-ਪੁੱਤਰ ਦਾ ਪਾਰਟੀ ਵਿੱਚ ਸਵਾਗਤ ਕੀਤਾ ਗਿਆ। ਇਸ ਮੌਕੇ ਰਮਿੰਦਰ ਸਿੰਘ ਆਵਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੀ ਭਲਾਈ ਲਈ ਸਦਾ ਸੰਘਰਸ਼ ਕਰਦੀ ਰਹੀ ਹੈ ਅਤੇ ਨੌਜਵਾਨਾਂ ਨੂੰ ਅੱਗੇ ਲਿਆਉਣਾ ਪਾਰਟੀ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਕਿਹਾ ਕਿ ਸ਼ਰਨਜੀਤ ਕੌਰ ਸੋਢੀ ਅਤੇ ਰਚਿਤ ਸੋਢੀ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਅਤੇ ਇਲਾਕੇ ਵਿਚ ਕਾਂਗਰਸ ਦਾ ਅਧਾਰ ਹੋਰ ਵਧੇਗਾ। ਕੌਂਸਲਰ ਸ਼ਰਨਜੀਤ ਕੌਰ ਸੋਢੀ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਲੋਕ-ਹਿਤੈਸ਼ੀ ਸੋਚ ਤੋਂ ਪ੍ਰਭਾਵਿਤ ਹੋ ਕੇ ਵਾਪਸੀ ਕਰ ਰਹੇ ਹਨ। ਰਚਿਤ ਸੋਢੀ ਨੇ ਕਿਹਾ ਕਿ ਨੌਜਵਾਨਾਂ ਨੂੰ ਸਿਆਸਤ ਵਿਚ ਸਾਫ਼ ਅਤੇ ਪਾਰਦਰਸ਼ੀ ਰਾਜਨੀਤੀ ਦੀ ਲੋੜ ਹੈ ਅਤੇ ਕਾਂਗਰਸ ਪਾਰਟੀ ਨੌਜਵਾਨਾਂ ਨੂੰ ਮੌਕੇ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਲਾਕੇ ਦੇ ਨੌਜਵਾਨਾਂ ਦੀ ਆਵਾਜ਼ ਬਣ ਕੇ ਕੰਮ ਕਰਨਗੇ ਅਤੇ ਦੋਵੇਂ ਆਗੂਆਂ ਨੇ ਆਉਣ ਵਾਲੇ ਸਮੇਂ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ। ਇਸ ਮੌਕੇ ਕਈ ਕਾਂਗਰਸੀ ਆਗੂ ਅਤੇ ਵਰਕਰ ਮੌਜ਼ੂਦ ਰਹੇ ।