- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਸਟ੍ਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਅਤੇ ਏਆਈਵਾਈਐੱਫ ਵੱਲੋਂ ਕਿਰਤ ਦਫਤਰ ਅੱਗੇ ਰੋਸ ਧਰਨਾ

ਦੀਪਕ ਵਧਾਵਨ, ਪੰਜਾਬੀ ਜਾਗਰਣ: ਗੁਰੂਹਰਸਹਾਏ: ਕੰਸਟ੍ਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਪੰਜਾਬ ਏਟਕ (ਰਜਿ.) ਦੇ ਸੱਦੇ ’ਤੇ ਅੱਜ ਇਥੇ ਸਥਾਨਕ ਕਿਰਤ ਵਿਭਾਗ ਦੇ ਦਫਤਰ ਅੱਗੇ ਸੈਂਕੜੇ ਉਸਾਰੀ ਕਿਰਤੀਆਂ ਵਲੋਂ ਰੋਸ ਧਰਨਾ ਦਿੱਤਾ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਉਸਾਰੀ ਕਿਰਤੀਆਂ ਅਤੇ ਨੌਜਵਾਨਾਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਧਰਨੇ ਦੀਆਂ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਕੰਸਟ੍ਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਦੇ ਬਲਾਕ ਆਗੂ ਰਾਜ ਕੁਮਾਰ ਬਹਾਦਰ ਕੇ, ਮਨਜੀਤ ਮਨੂੰ ਅਤੇ ਬਲਵਿੰਦਰ ਸਰੂਪੇ ਵਾਲਾ ਨੇ ਕੀਤੀ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਾਥੀ ਚਰਨਜੀਤ ਸਿੰਘ ਛਾਂਗਾ ਰਾਏ ਨੇ ਕਿਹਾ ਕਿ ਕਿਰਤ ਵਿਭਾਗ ਅਫ਼ਸਰਸ਼ਾਹੀ ਵਲੋਂ ਉਸਾਰੀ ਕਿਰਤੀਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਗ਼ੈਰ ਵਾਜ਼ਬ ਇਤਰਾਜ਼ ਲਗਾ ਕੇ ਖੱਜਲ ਖੁਆਰ ਕੀਤਾ ਜਾਂਦਾ ਹੈ ਅਤੇ ਇਤਰਾਜ਼ ਦੂਰ ਕਰਵਾਉਣ ਦੇ ਨਾਮ ਤੇ ਮਜ਼ਦੂਰਾਂ ਦੇ ਲਗਾਤਾਰ ਦਫਤਰ ਦੇ ਗੇੜੇ ਮਰਵਾਏ ਜਾਂਦੇ ਹਨ। ਜੋ ਕਿ ਸਰਾਸਰ ਗ਼ੈਰ ਕਾਨੂੰਨੀ ਹੈ ਅਤੇ ਕਿਰਤੀਆਂ ਨਾਲ ਬੇਇਨਸਾਫੀ ਹੈ। ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਧਰਨੇ ਮੌਕੇ ਰੋਸ ਜਾਹਰ ਕਰਦਿਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸ਼ਗਨ ਸਕੀਮ, ਵਜੀਫਾ ਸਕੀਮ, ਐਕਸਗਰੇਸ਼ੀਆ ਸਕੀਮ, ਬਾਲੜੀ ਸਕੀਮ ਸਮੇਤ ਹੋਰਨਾਂ ਵੀ ਸਕੀਮਾਂ ਦੇ ਫਾਰਮਾਂ ਤੇ ਗ਼ੈਰ ਵਾਜ਼ਬ ਇਤਰਾਜ਼ ਲਗਾ ਕੇ ਸਾਲਾਂ ਤੋਂ ਭੁਗਤਾਨ ਰੋਕ ਰੱਖਿਆ ਹੋਇਆ ਹੈ ਜਿਸ ਨਾਲ ਕਿਰਤੀਆਂ ਬਹੁਤ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੋਂ ਤੱਕ ਕੇ ਆਪਣੇ ਫਾਰਮਾਂ ਦੇ ਇਤਰਾਜ਼ ਹਟਵਾਉਣ, ਕਾਪੀਆਂ ਰੀਨਿਊ ਕਰਵਾਉਣ ਆਦਿ ਲਈ ਕਿਰਤੀਆਂ ਨੂੰ ਸਵੇਰੇ 2 ਵਜੇ ਤੋਂ ਲਾਈਨਾਂ ਵਿੱਚ ਲਗਣਾ ਪੈਂਦਾ ਹੈ ਜੋ ਕਿ ਗ਼ੈਰ ਮਨੁੱਖੀ ਹੈ। ਆਗੂਆਂ ਨੇ ਇਸ ਧਰਨੇ ਮੌਕੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਲਾਭਪਾਤਰੀ ਕਾਪੀ 15 ਦਿਨਾਂ ਦੇ ਅੰਦਰ ਪਾਸ ਕੀਤੀ ਜਾਵੇ।ਬਾਲੜੀ ਤੋਹਫ਼ਾ ਸਕੀਮ ਤਹਿਤ 75000 ਤਰੁੰਤ ਖਾਤੇ ਵਿੱਚ ਪਾਏ ਜਾਣ। 60 ਦਿਨਾਂ ਦੇ ਅੰਦਰ ਵਜੀਫ਼ੇ ਖਾਤਿਆਂ ਚੋਂ ਪਾਏ ਜਾਣ।
51 ਹਜ਼ਾਰ ਰੁਪਏ ਲੜਕੀ ਦੀ ਸ਼ਗਨ ਸਕੀਮ ਸਮੇਂ ਸਿਰ ਦਿੱਤੀ ਜਾਵੇ। ਮਾਨਸਿਕ ਬਿਮਾਰੀ ਜਾਂ ਵਿਕਲਾਂਗ ਬੱਚਿਆਂ ਦੀ ਸਾਂਭ ਸੰਭਾਲ ਲਈ 24 ਹਜ਼ਾਰ ਰੁਪਏ ਸਲਾਨਾ ਸਮੇਂ ਸਿਰ ਜਾਰੀ ਕੀਤੇ ਜਾਣ। ਕੁਦਰਤੀ ਆਫਤ ਨਾਲ ਡਿੱਗੇ ਮਕਾਨਾਂ ਦਾ ਇਕ ਲੱਖ ਰੁਪਏ ਸਮੇਂ ਸਿਰ ਦਿੱਤਾ ਜਾਵੇ। ਲਾਭਪਾਤਰੀ ਦੀ ਉਮਰ 60 ਸਾਲ ਹੋਣ ਤੇ ਤੁਰੰਤ ਪੈਨਸ਼ਨ ਜਾਰੀ ਕੀਤੀ ਜਾਵੇ। ਇਸ ਮੌਕੇ ਪ੍ਰਿੰਸੀਪਲ ਸਕੱਤਰ ਦੇ ਨਾਮ ਇਕ ਮੰਗ ਪੱਤਰ ਰੀਡਰ ਤਹਿਸੀਲਦਾਰ ਰਾਹੀਂ ਭੇਜਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨੋਜ ਬੂਲਾ ਰਾਏ, ਮੰਗਤ ਛਿੱਲੀਆਂ, ਰਘੂ ਛਿੱਲੀਆਂ, ਰੇਸ਼ਮ ਚਾਂਦੀ ਵਾਲਾ, ਤਰਸੇਮ ਸਿੰਘ, ਅਮਰਜੀਤ ਨੂਰੇ ਕੇ, ਪ੍ਰੀਤਮ ਆਤੂ ਵਾਲਾ ਆਦਿ ਵੀ ਹਾਜ਼ਰ ਸਨ।