ਵਿਧਾਇਕ ਐਡਵੋਕੇਟ ਦਹੀਆ ਵੱਲੋਂ ਪਿੰਡ ਹਜ਼ਾਰਾ ਸਿੰਘ ਵਾਲੇ ਦਾ ਦੌਰਾ
ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਵੱਲੋਂ ਪਿੰਡ ਹਜ਼ਾਰਾ ਸਿੰਘ ਵਾਲੇ ਦਾ ਕੀਤਾ ਦੌਰਾ
Publish Date: Tue, 03 Mar 2026 04:00 PM (IST)
Updated Date: Tue, 03 Mar 2026 04:02 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਪਿਛਲੇ ਦਿਨੀ ਪੀਣ ਵਾਲੇ ਖਰਾਬ ਪਾਣੀ ਨਾਲ ਫੈਲੀਆਂ ਬਿਮਾਰੀਆਂ ਨਾਲ ਗ੍ਰਸਤ ਹੋਏ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਵੱਖ ਵੱਖ ਰਾਜਨੀਤਿਕ ਆਗੂਆਂ ਵੱਲੋਂ ਦੌਰੇ ਕੀਤੇ ਜਾ ਰਹੇ ਹਨ। ਇਸ ਸਮੇਂ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਵੱਲੋਂ ਪਿੰਡ ਹਜ਼ਾਰਾ ਸਿੰਘ ਵਾਲਾ ਦਾ ਦੌਰਾ ਕਰਕੇ ਸਮੱਸਿਆ ਦਾ ਜਾਇਜ਼ਾ ਲਿਆ ਗਿਆ। ਇਸ ਸਮੇਂ ਉਨ੍ਹਾਂ ਨੇ ਵੱਖ-ਵੱਖ ਸਿਹਤ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਬਿਮਾਰੀ ਨੂੰ ਕੰਟਰੋਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਅਤੇ ਉਨਾਂ ਨੇ ਕਿਹਾ ਕਿ ਉਹ ਕਿਤੇ ਬਾਹਰ ਗਏ ਹੋਣ ਕਰਕੇ ਪਿਛਲੇ ਦਿਨੀਂ ਪਿੰਡ ਨਹੀਂ ਆ ਸਕੇ ਸਨ ਅਤੇ ਕੱਲ ਰਾਤ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਲੈ ਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਜਾਇਜ਼ਾ ਲਿਆ। ਇਸ ਮੌਕੇ ’ਤੇ ਸਾਰੀ ਸਥਿਤੀ ਨੂੰ ਸਮਝਦਿਆਂ ਹੋਇਆ ਉਨ੍ਹਾਂ ਬਿਮਾਰੀ ਦੀ ਮੂਲ ਜੜ ਪੀਣ ਵਾਲੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਪੁਰਾਣੀਆਂ ਪਈਆਂ ਹੋਈਆਂ ਪਾਈਪਾਂ ਨੂੰ ਬਦਲਣ ਲਈ ਸਬੰਧਤ ਰਾਸ਼ੀ ਜਲਦ ਜਾਰੀ ਕੀਤੇ ਜਾਣ ਦਾ ਭਰੋਸਾ ਦਿਵਾਇਆ ਅਤੇ ਹੋਰ ਸਾਰੀਆਂ ਪਿੰਡ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਨਾਲ ਬਲਰਾਜ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ, ਮੇਜਰ ਸਿੰਘ ਬੁਰਜੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਉਪਿੰਦਰ ਸਿੰਘ ਸਿੰਧੀ ਪ੍ਰਧਾਨ ਨਗਰ ਪੰਚਾਇਤ ਮਮਦੋਟ, ਸੁਰਿੰਦਰ ਕੁਮਾਰ ਸੋਨੂੰ ਸੇਠੀ ਐੱਮਸੀ ਮਮਦੋਟ, ਐੱਸ ਐੱਮਓ ਰੇਖਾ ਭੱਟੀ, ਬੀਡੀਪੀਓ ਵਿਪਨ ਕੁਮਾਰ, ਬਲਜਿੰਦਰ ਸਿੰਘ ਸਰਪੰਚ ਨਿਊ ਨਿਹਾਲਾ ਕਿਲਚਾ, ਪਿੱਪਲ ਸਿੰਘ ਸਰਪੰਚ, ਬਲਵਿੰਦਰ ਸਿੰਘ ਸਰਪੰਚ ਰਾਉਕੇ, ਬਲਵਿੰਦਰ ਸਿੰਘ ਲੱਡੂ ਸਰਪੰਚ ਹਜ਼ਾਰਾ ਸਿੰਘ ਵਾਲਾ, ਗੁਰਨਾਮ ਸਿੰਘ ਸਰਪੰਚ ਹਜ਼ਾਰਾ ਸਿੰਘ ਵਾਲਾ, ਬਲਜੀਤ ਸਿੰਘ ਮਮਦੋਟ, ਸੰਦੀਪ ਕੁਮਾਰ ਸੋਨੀ ਮਮਦੋਟ, ਮੁਖਤਿਆਰ ਸਿੰਘ ਮੈਂਬਰ ਬਲਾਕ ਸੰਮਤੀ, ਸੁਰਜੀਤ ਸਿੰਘ ਸਰਪੰਚ ਗੱਟੀ ਮਸਤਾ ਨੰਬਰ ਦੋ ਅਤੇ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।