ਭਾਰਤ-ਅਮਰੀਕਾ ਟਰੇਡ ਸਮਝੌਤੇ ਵਿਰੁੱਧ ਕਾਂਗਰਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ
ਭਾਰਤ-ਅਮਰੀਕਾ ਟਰੇਡ ਸਮਝੌਤੇ ਦੇ ਵਿਰੁੱਧ ਕਾਂਗਰਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ
Publish Date: Thu, 19 Feb 2026 05:22 PM (IST)
Updated Date: Fri, 20 Feb 2026 04:07 AM (IST)

ਪਰਮਿੰਦਰ ਸਿੰਘ ਥਿੰਦ, ਅੰਗਰੇਜ਼ ਭੁੱਲਰ , ਫਿਰੋਜ਼ਪੁਰ ; ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦਰਮਿਆਨ ਹੋਏ ਟਰੇਡ ਸਮਝੌਤੇ ਦੇ ਵਿਰੋਧ ਵਿਚ ਵੀਰਵਾਰ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜੀਰਾ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਦੇ ਨਾਮ ’ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਇਕ ਮੈਮੋਰੰਡਮ ਸੌਂਪਿਆ ਗਿਆ। ਇਸ ਮੌਕੇ ’ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਵੱਖ-ਵੱਖ ਅਹੁਦੇਦਾਰ, ਹਲਕਾ ਇੰਚਾਰਜ, ਬਲਾਕ ਪ੍ਰਧਾਨ, ਮੰਡਲ ਪ੍ਰਧਾਨ ਸਾਹਿਬਾਨ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਕਿਸਾਨ ਵੀ ਮੌਜ਼ੂਦ ਸਨ। ਮੈਮੋਰੰਡਮ ਦੇਣ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਭਾਰਤ ਤੇ ਸੰਯੁਕਤ ਰਾਜ ਅਮਰੀਕਾ ਦਰਮਿਆਨ ਹੋਇਆ ਕਿਸਾਨ-ਮਜ਼ਦੂਰ ਵਿਰੋਧੀ ਵਪਾਰ ਸਮਝੌਤਾ ਦੇਸ਼ ਭਰ ਦੇ ਕਿਸਾਨਾਂ ਅਤੇ ਮਜ਼ਦੂਰਾਂ ’ਤੇ ਨਕਾਰਾਤਮਕ ਅਸਰ ਪਾ ਸਕਦਾ ਹੈ। ਕਿਉਂਕਿ ਇਸ ਨਾਲ ਸਾਡੇ ਦੇਸ਼ ਦੀ ਖੇਤੀਬਾੜੀ ਅਰਥਵਿਵਸਥਾ ਵੀ ਬਰਬਾਦ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸੂਬਾ ਜੋ ਮੁੱਖ ਤੌਰ ’ਤੇ ਖੇਤੀ ਪ੍ਰਧਾਨ ਸੂਬਾ ਹੈ, ਇਸ ਸਮਝੌਤੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਵੇਗਾ। ਇਹ ਸਿਰਫ਼ ਆਰਥਿਕ ਮਸਲਾ ਹੀ ਨਹੀਂ, ਸਗੋਂ ਸਰਹੱਦੀ ਰਾਜ ਹੋਣ ਕਰਕੇ ਇਸ ਦੇ ਸਮਾਜਿਕ ਅਤੇ ਰਾਜਨੀਤਿਕ ਪ੍ਰਭਾਵ ਵੀ ਹੋ ਸਕਦੇ ਹਨ। ਪੰਜਾਬ ਪਹਿਲਾਂ ਹੀ ਖ਼ਾਸ ਕਰਕੇ ਪਿੰਡਾਂ ਵਿਚ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਜ਼ਮੀਨਾਂ ਦੇ ਟੁਕੜੇ ਹੋਣ ਅਤੇ ਖੇਤੀਬਾੜੀ ਵਿਚ ਰੋਜ਼ਗਾਰ ਘਟਣ ਕਾਰਨ ਬੇਰੁਜ਼ਗਾਰੀ ਵੱਧ ਰਹੀ ਹੈ। ਬੇਰੁਜ਼ਗਾਰ ਨੌਜਵਾਨ ਆਸਾਨੀ ਨਾਲ ਨਸ਼ਿਆਂ ਦਾ ਸ਼ਿਕਾਰ ਬਣ ਜਾਂਦੇ ਹਨ। ਜਦੋਂ ਇਹ ‘ਟਰੇਡ ਡੀਲ’ ਲਾਗੂ ਹੋਵੇਗੀ, ਤਾਂ ਵਿਦੇਸ਼ ਤੋਂ ਆਉਣ ਵਾਲੇ ਸਸਤੇ ਖੇਤੀਬਾੜੀ ਉਤਪਾਦ ਦੇਸ਼ ਦੇ ਘਰੇਲੂ ਉਤਪਾਦਾਂ ਦੀ ਥਾਂ ਲੈ ਲੈਣਗੇ। ਇਸ ਤੋਂ ਇਲਾਵਾ ਸਾਡੇ ਕਿਸਾਨ, ਜਿਨ੍ਹਾਂ ਕੋਲ ਔਸਤ 2 ਏਕੜ ਜ਼ਮੀਨ ਹੈ, ਉਹ ਅਮਰੀਕੀ ਕਿਸਾਨਾਂ ਨਾਲ ਮੁਕਾਬਲਾ ਨਹੀਂ ਕਰ ਸਕਣਗੇ ਕਿਉਂਕਿ ਵਿਦੇਸ਼ੀ ਕਿਸਾਨਾਂ ਦੇ ਕੋਲ ਹਜ਼ਾਰਾਂ ਏਕੜ ਜ਼ਮੀਨ, ਮਸ਼ੀਨੀਕਰਨ ਖੇਤੀ ਅਤੇ ਆਪਣੀ ਸਰਕਾਰ ਵੱਲੋਂ ਵੱਡੀਆਂ ਸਬਸਿਡੀਆਂ ਹੁੰਦੀਆਂ ਹਨ। ਏਨਾ ਹੀ ਨਹੀਂ ਇਸ ਵਪਾਰਕ ਸਮਝੌਤੇ ਦਾ ਇਕ ਹੋਰ ਵੱਡਾ ਨੁਕਸਾਨ ਇਹ ਹੈ ਕਿ ਬੇਰੁਜ਼ਗਾਰੀ ਹੋਰ ਵਧਣ ਨਾਲ ਸਾਡਾ ਗੁਆਂਢੀ ਮੁਲਕ ਪਾਕਿਸਤਾਨ ਨੌਜਵਾਨਾਂ ਵਿਚ ਬੇਰੁਜ਼ਗਾਰੀ ਦਾ ਫਾਇਦਾ ਚੁੱਕ ਸਕਦਾ ਹੈ। ਕਿਉਂਕਿ ਪਾਕਿਸਤਾਨ ਅਤੇ ਉਸ ਦੀ ਬਦਨਾਮ ਖੁਫੀਆ ਏਜੰਸੀ ਆਈ.ਐੱਸ.ਆਈ. ਦਾ ਸਾਡੇ ਰਾਜ ਵਿਚ ਅਸ਼ਾਂਤੀ ਫੈਲਾਉਣ ਦਾ ਇਤਿਹਾਸ ਰਿਹਾ ਹੈ। ਇਸ ‘ਟਰੇਡ ਡੀਲ’ ਨਾਲ ਅਸੀਂ ਆਪਣੀ ਅਰਥਵਿਵਸਥਾ ਨੂੰ ਕਮਜ਼ੋਰ ਕਰਨ ਦਾ ਜੋਖ਼ਮ ਮੁੱਲ ਲੈ ਰਹੇ ਹਾਂ, ਜਿਸ ਦੇ ਗੰਭੀਰ ਪ੍ਰਭਾਵ ਹੋ ਸਕਦੇ ਹਨ। ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀਆਂ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਡਾਕਟਰ ਮਨਮੋਹਨ ਸਿੰਘ ਤੱਕ ਦੀ ਸਰਕਾਰ ਨੇ ਹਮੇਸ਼ਾ ਵਿਦੇਸ਼ੀ ਖੇਤੀਬਾੜੀ ਉਤਪਾਦਾਂ ਲਈ ਸਾਡੇ ਬਾਜ਼ਾਰ ਖੋਲ੍ਹਣ ਤੋਂ ਪਰਹੇਜ਼ ਕੀਤਾ, ਕਿਉਂਕਿ ਉਹ ਜਾਣਦੇ ਸਨ ਕਿ ਇਸ ਨਾਲ ਸਾਡੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਏਗਾ। ਇਸ ਮੌਕੇ ਅਮਰਦੀਪ ਸਿੰਘ ਆਸ਼ੂ ਬੰਗੜ, ਗੁਰਦੀਪ ਸਿੰਘ ਢਿੱਲੋਂ, ਹਰਿੰਦਰ ਸਿੰਘ ਖੋਸਾ, ਅਜੈ ਜੋਸ਼ੀ, ਸੁਖਵਿੰਦਰ ਸਿੰਘ ਗੱਟਾ,ਗੁਰਨਾਮ ਸਿੰਘ ਸ਼ੇਰ ਖਾਂ,ਬੋਹੜ ਸਿੰਘ ਸੱਧਰ ਵਾਲਾ, ਗੁਰਪ੍ਰੇਮ ਸਿੰਘ ਬੱਬੂ, ਸੁਖਦੇਵ ਸਿੰਘ ਅਵਾਨ, ਗੁਰਮੇਲ ਸਿੰਘ ਮਨਸੂਰਵਾਲ, ਨਸੀਬ ਸਿੰਘ ਖਾਲਸਾ, ਸਿਮਰਨ ਸਿੰਘ ਲਹਿਰਾ, ਗੁਰਭੇਜ ਸਿੰਘ, ਜਰਨੈਲ ਸਿੰਘ, ਸਤਨਾਮ ਸਿੰਘ ਢਿੱਲੋਂ, ਪਰਮਜੀਤ ਸਿੰਘ ਖੋਸਾ, ਤਰਸੇਮ ਵੱਤਾ, ਤੇਜਿੰਦਰ ਸਿੰਘ ਬਿੱਟੂ, ਗੁਰਨਾਮ ਸਿੰਘ ਸ਼ੇਰ ਖਾਂ, ਰਮਨ ਬਹਿਲ, ਆਪਣੇ ਸਾਥੀਆਂ ਨਾਲ ਹਜ਼ਾਰ ਰਹੇ।