ਦੂਸ਼ਿਤ ਪਾਣੀ ਪੀਣ ਕਾਰਨ ਬਿਮਾਰ ਬੱਚਿਆਂ ਦਾ ਹਾਲ ਜਾਣਨ ਪਹੁੰਚੇ ਕਾਂਗਰਸੀ
ਦੂਸ਼ਿਤ ਪਾਣੀ ਪੀਣ ਨਾਲ ਬਿਮਾਰ ਹੋਏ ਬੱਚਿਆਂ ਦਾ ਹਾਲ ਜਾਣਨ ਪਹੁੰਚੇ ਕਾਂਗਰਸੀ
Publish Date: Sun, 01 Mar 2026 06:57 PM (IST)
Updated Date: Sun, 01 Mar 2026 06:58 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਦੇ ਮਮਦੋਟ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚ ਦੂਸ਼ਿਤ ਪਾਣੀ ਪੀਣ ਕਾਰਨ ਬਿਮਾਰ ਹੋਏ ਬੱਚਿਆਂ ਦੀ ਸਿਹਤ ਦਾ ਜਾਇਜ਼ਾ ਲੈਣ ਲਈ ਅੱਜ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਸਾਂਸਦ ਸ਼ੇਰ ਸਿੰਘ ਘੁਬਾਇਆ, ਆਸ਼ੂ ਬੰਗੜ ਅਤੇ ਵਿਜੇ ਕਾਲੜਾ ਵਿਸ਼ੇਸ਼ ਤੌਰ ’ਤੇ ਸਿਵਲ ਹਸਪਤਾਲ ਫਿਰੋਜ਼ਪੁਰ ਸ਼ਹਿਰ ਪਹੁੰਚੇ। ਇਸ ਦੌਰਾਨ ਆਗੂਆਂ ਨੇ ਹਸਪਤਾਲ ਵਿਚ ਇਲਾਜ ਅਧੀਨ 19 ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਆਗੂਆਂ ਨੇ ਬੱਚਿਆਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ। ਪਰਮਿੰਦਰ ਸਿੰਘ ਪਿੰਕੀ ਅਤੇ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਇਸ ਮੁਸ਼ਕਲ ਘੜੀ ਵਿਚ ਉਹ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਹਨ। ਇਸ ਮੌਕੇ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਨਾਰੀਅਲ ਪਾਣੀ ਪਿਲਾਇਆ ਗਿਆ ਅਤੇ ਕੇਲੇ ਵੰਡੇ ਗਏ। ਇਸ ਮੌਕੇ ਕਾਂਗਰਸ ਪਾਰਟੀ ਦੇ ਕਈ ਆਗੂ ਵੀ ਮੌਜ਼ੂਦ ਸਨ, ਜਿਨ੍ਹਾਂ ਵਿਚ ਨਗਰ ਕੌਂਸਲ ਦੇ ਪ੍ਰਧਾਨ ਰੋਹਿਤ ਗਰੋਵਰ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ ਅਤੇ ਜ਼ਿਲ੍ਹਾ ਕਾਂਗਰਸ ਯੂਥ ਪ੍ਰਧਾਨ ਯਕੂਪ ਭੱਟੀ ਤੋਂ ਇਲਾਵਾ ਐੱਮਸੀ ਰਿਸ਼ੀ ਸ਼ਰਮਾ, ਐੱਮਸੀ ਰਾਜੂ, ਐੱਮਸੀ ਸੋਨੂੰ, ਰਜ਼ਨੀਸ਼ ਸੋਢੀ ਅਤੇ ਯਾਦਵਿੰਦਰ ਸਿੰਘ ਹਾਜ਼ਰ ਸਨ। ਆਗੂਆਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬੱਚਿਆਂ ਦੇ ਇਲਾਜ ਵਿਚ ਕੋਈ ਕਮੀ ਨਾ ਛੱਡੀ ਜਾਵੇ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡਾਂ ਵਿਚ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਤੁਰੰਤ ਯਕੀਨੀ ਬਣਾਈ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।