ਅਮਰੀਕੀ ਸਾਮਰਾਜ ਦੀ ਗੁੰਡਾਗਰਦੀ ਖ਼ਿਲਾਫ਼ ਦੁਨੀਆਂ ਨੂੰ ਆਵਾਜ਼ ਉਠਾਉਣੀ ਚਾਹੀਦੀ : ਛਾਂਗਾ ਰਾਏ
ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਵੈਨੇਜੂਏਲਾ ਦੇ ਹੱਕ ਵਿਚ ਅਮਰੀਕੀ ਰਾਸ਼ਟਰਪਤੀ ਦਾ ਪੁਤਲਾ ਫੂਕ ਪ੍ਰਦਰਸ਼ਨ
Publish Date: Wed, 07 Jan 2026 03:31 PM (IST)
Updated Date: Wed, 07 Jan 2026 03:33 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਭਾਰਤੀ ਕਮਿਊਨਿਸਟ ਪਾਰਟੀ ਬਲਾਕ ਕਮੇਟੀ ਵੱਲੋਂ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਗੋਲੂ ਕਾ ਮੋੜ ਵਿਖ਼ੇ ਵੈਨੇਜੂਏਲਾ ਦੇ ਹੱਕ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫ਼ੂਕ ਪ੍ਰਦਰਸ਼ਨ ਕੀਤਾ ਗਿਆ। ਜਿਸ ਦੀ ਅਗਵਾਈ ਬਲਾਕ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਨੇ ਕੀਤੀ। ਇਸ ਮੌਕੇ ਪ੍ਰਦਰਸ਼ਕਾਰੀਆਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਚਰਨਜੀਤ ਸਿੰਘ ਛਾਂਗਾ ਰਾਏ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਵੱਲੋਂ ਗੁੰਡਾ ਗਰਦੀ ਢੰਗ ਨਾਲ ਵੈਨੇਜੂਏਲਾ ਦੇਸ਼ ਦੇ ਲੋਕਾਂ ਦੁਆਰਾ ਚੁਣੇ ਹੋਏ ਰਾਸ਼ਟਰਪਤੀ ਨੀਕੋਲਸ ਮਾਦੂਰੋ ਅਤੇ ਉਸਦੀ ਪਤਨੀ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਗ੍ਰਿਫਤਾਰ ਕਰਨਾ ਨਿਹਾਇਤ ਨਿੰਦਣਯੋਗ ਕਾਰਾ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਦੁਨੀਆਂ ਦੇ ਸਬ ਇਨਸਾਫ਼ ਪਸੰਦ ਲੋਕਾਂ ਨੂੰ ਅਮਰੀਕੀ ਸਾਮਰਾਜ ਦੀ ਗੁੰਡਾਗਰਦੀ ਖਿਲਾਫ ਇਕਜੁੱਟ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ। ਕਿਉਂਕਿ ਟਰੰਪ ਦੁਨੀਆਂ ਨੂੰ ਤੀਜੀ ਵਿਸ਼ਵ ਜੰਗ ਵੱਲ ਧੱਕਣਾ ਚਾਹੁੰਦਾ ਹੈ ਤਾਂ ਕਿ ਤੇਲ ਤੇ ਕਬਜੇ ਦੇ ਨਾਲ ਨਾਲ ਆਪਣੇ ਜੰਗੀ ਹਥਿਆਰਾਂ ਨੂੰ ਵੇਚ ਸਕੇ। ਕਾਮਰੇਡ ਆਗੂ ਨੇ ਅੱਗੇ ਕਿਹਾ ਕਿ ਵੈਨੇਜੂਏਲਾ ਇਕ ਅਜਿਹਾ ਸਮਾਜਵਾਦੀ ਦੇਸ਼ ਹੈ ਜਿੱਥੇ ਦੁਨੀਆਂ ਦਾ ਸਬ ਤੋਂ ਵੱਧ ਕੱਚਾ ਤੇਲ ਭੰਡਾਰ ਹੈ ਅਤੇ ਇਹ ਵੈਨੇਜੂਏਲਾ ਦੀ ਆਰਥਿਕਤਾ ਡਾ. ਮੁੱਖ ਸਰੋਤ ਹੈ। ਉਨ੍ਹਾਂ ਅੱਗੇ ਕਿਹਾ ਵੈਨੇਜੂਏਲਾ ਆਪਣੇ ਤੇਲ ਭੰਡਾਰ ਡਾ ਲਗਪਗ 90 ਫੀਸਦੀ ਹਿੱਸਾ ਚੀਨ ਨੂੰ ਵੇਚਦਾ ਹੈ, ਜਿਸ ਕਾਰਨ ਅਮਰੀਕਾ ਨੇ ਚੀਨ ਦੀ ਆਰਥਿਕਤਾ ਨੂੰ ਢਾਹ ਲਾਉਣ ਲਈ ਵੈਨੇਜੂਏਲਾ ਦੇ ਤੇਲ ਭੰਡਾਰ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਹਮਲੇ ਕੀਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਚੀਨ ਨੂੰ ਤੇਲ ਨਾ ਮਿਲਿਆ, ਜਿਸ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ ਅਤੇ ਇਸ ਲਈ ਚੀਨ ਅਮਰੀਕਾ ਵਿਚਕਾਰ ਤਣਾਅ ਵੱਧ ਸਕਦਾ ਹੈ ਜੋ ਵਿਸ਼ਵ ਸ਼ਾਂਤੀ ਲਈ ਨੁਕਸਾਨਦੇਹ ਹੋਵੇਗਾ ਅਤੇ ਚੀਨ ਪੱਖੀ ਦੇਸ਼ਾਂ ਦਾ ਸਮੂਹ ਵੀ ਪ੍ਰਭਾਵਿਤ ਹੋਵੇਗਾ। ਜਿਸ ਨਾਲ ਸੱਚਮੁੱਚ ਵਿਸ਼ਵ ਜੰਗ ਨੂੰ ਟਾਲਿਆ ਨਹੀਂ ਜਾ ਸਕਣਾ। ਕਾਮਰੇਡ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਵੈਨੇਜੂਏਲਾ ਦੇ ਗ੍ਰਿਫਤਾਰ ਕੀਤੇ ਰਾਸ਼ਟਰਪਤੀ ਅਤੇ ਉਸਦੀ ਪਤਨੀ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਅਤੇ ਵੈਨੇਜੂਏਲਾ ਵਿੱਚੋਂ ਅਮਰੀਕੀ ਸੈਨਾ ਨੂੰ ਹਟਾਇਆ ਜਾਵੇ ਅਤੇ ਜੰਗ ਬੰਦੀ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਕਾਮਰੇਡ ਰਾਜ ਬਹਾਦਰ ਕੇ, ਸੁਰਿੰਦਰ ਬਹਾਦਰ ਕੇ, ਢੋਲਾ ਮਾਹੀ, ਦਰਸ਼ਨ ਸਿੰਘ ਅਤੇ ਮੇਹਰ ਸਿੰਘ ਝੰਡੂ ਵਾਲਾ, ਸੋਹਣ ਲਾਲ ਬਾਜੇ ਕੇ, ਚਿਮਨ ਗੋਬਿੰਦਗੜ੍ਹ, ਬਲਵੀਰ ਗੋਬਿੰਦਗੜ੍ਹ, ਬਲਵਿੰਦਰ ਸਰੂਪੇ ਵਾਲਾ, ਛਿੰਦਰ ਸਰੂਪੇ ਵਾਲਾ, ਮਨਜੀਤ ਛਾਂਗਾ ਰਾਏ, ਅਰਸ਼ਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਹਾਜ਼ਰ ਸਨ।