ਠੰਢ ਦਾ ਕਹਿਰ ਜਾਰੀ, ਸੰਘਣੀ ਧੁੰਦ ਤੇ ਸੀਤ ਲਹਿਰ ਕਾਰਨ ਜਨ-ਜੀਵਨ ਪ੍ਰਭਾਵਿਤ
ਮਾਘ ਮਹੀਨੇ ਵਿਚ ਵੀ ਠੰਢ ਦਾ ਕਹਿਰ ਜਾਰੀ, ਸੰਘਣੀ ਧੁੰਦ ਤੇ ਸੀਤ ਲਹਿਰ ਨੇ ਜਨ ਜੀਵਨ ਪ੍ਰਭਾਵਿਤ ਕੀਤਾ
Publish Date: Sun, 18 Jan 2026 03:31 PM (IST)
Updated Date: Sun, 18 Jan 2026 03:34 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਮਾਘ ਮਹੀਨੇ ਦਾ ਐਤਵਾਰ ਵੀ ਧੁੰਦ,ਕੋਹਰੇ ਅਤੇ ਸੀਤ ਲਹਿਰ ਦੇ ਨਾਂ ਰਿਹਾ। ਸੰਘਣੀ ਧੁੰਦ ਕਾਰਨ ਚੱਲਦਿਆਂ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਜਰੂਰੀ ਕੰਮਕਾਜ ਲਈ ਸੜਕਾਂ ’ਤੇ ਨਿਕਲੇ ਲੋਕਾਂ ਤੋਂ ਇਲਾਵਾ ਚਹਿਲ-ਪਹਿਲ ਕਾਫ਼ੀ ਘੱਟ ਦਿਖਾਈ ਦਿੱਤੀ। ਦੂਜੇ ਪਾਸੇ ਧੁੰਦ ਕਾਰਨ ਵਿਜੀਬਿਲਟੀ ਘਟਣ ਨਾਲ ਵਾਹਨ ਚਲਾਉਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਠੰਡਾ ਮੰਨਿਆ ਜਾਂਦਾ ਪੋਹ ਮਹੀਨਾ ਸਮਾਪਤ ਹੋਣ ਦੇ ਬਾਵਜੂਦ ਮਾਘ ਮਹੀਨੇ ਵਿੱਚ ਵੀ ਠੰਢ ਨੇ ਘਟਣ ਦਾ ਨਾਂ ਨਹੀਂ ਲਿਆ। ਸੰਘਣੀ ਧੁੰਦ, ਕੋਹਰੇ ਅਤੇ ਸੀਤ ਲਹਿਰ ਨੇ ਲੋਕਾਂ ਨੂੰ ਭਾਰੀ ਮੁਸ਼ਕਲ ਵਿੱਚ ਪਾਈ ਰੱਖਿਆ। ਸਵੇਰ ਸਮੇਂ ਦੁੱਧ, ਸਬਜ਼ੀਆਂ ਅਤੇ ਅਖਬਾਰਾਂ ਆਦਿ ਦੀ ਸਪਲਾਈ ਕਰਨ ਵਾਲੇ ਸੰਘਣੀ ਧੁੰਦ ਦੌਰਾਨ ਆਪਣੀ ਕਿਰਤ ਕਰਦੇ ਨਜ਼ਰ ਆਏ। ਸੜਕਾਂ ਉੱਪਰ ਵਾਹਨਾਂ ਦੀ ਰਫ਼ਤਾਰ ’ਤੇ ਬਰੇਕਾਂ ਲੱਗੀਆਂ ਰਹੀਆਂ। ਵਾਹਨ ਚਾਲਕ ਲਾਈਟਾਂ ਜਗਾ ਕੇ ਹੌਲੀ-ਹੌਲੀ ਸੜਕਾਂ ’ਤੇ ਰੇਂਗਦੇ ਨਜ਼ਰ ਆਏ। ਖੇਤਾਂ ਵਿੱਚ ਵੀ ਧੁੰਦ ਤੇ ਕੋਹਰੇ ਦੀ ਚਾਦਰ ਤਾਣੀ ਰਹੀ, ਜਿਸ ਕਾਰਨ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਹਾੜੀਦਾਰ ਕਾਮਿਆਂ ਅਤੇ ਰੇਹੜੀਆਂ ਲਗਾ ਕੇ ਜੀਵਿਕਾ ਚਲਾਉਣ ਵਾਲਿਆਂ ਦੇ ਕੰਮਕਾਜ ਵੀ ਪ੍ਰਭਾਵਿਤ ਹੋਏ। ਭਾਰੀ ਠੰਢ ਤੋਂ ਬਚਣ ਲਈ ਲੋਕ ਅੱਗ ਦਾ ਸਹਾਰਾ ਲੈਂਦੇ ਰਹੇ। ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਅੱਗ ਬਾਲ ਕੇ ਠੰਢ ਤੋਂ ਰਾਹਤ ਲੈਣ ਦੇ ਯਤਨ ਜਾਰੀ ਰਹੇ। ਦੁੱਧ ਦਾ ਕਾਰੋਬਾਰ ਕਰਨ ਵਾਲੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਠੰਢ ਅਤੇ ਧੁੰਦ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ,ਪਰ ਘਰ-ਘਰ ਦੁੱਧ ਪਹੁੰਚਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ,ਇਸ ਲਈ ਠੰਢ ਦੇ ਬਾਵਜੂਦ ਉਹ ਆਪਣੇ ਕੰਮ ’ਚ ਡਟੇ ਰਹੇ। ਧੁੰਦ ਦੌਰਾਨ ਸਾਵਧਾਨੀ ਤੇ ਚੌਕਸੀ ਜ਼ਰੂਰੀ : ਗਿੱਲ ਸਹਾਰਾ ਕਲੱਬ ਜ਼ੀਰਾ ਦੇ ਪ੍ਰਧਾਨ ਅਤੇ ਸੇਵਾ ਮੁਕਤ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ ਨੇ ਕਿਹਾ ਕਿ ਸੰਘਣੀ ਧੁੰਦ ਦੌਰਾਨ ਵਾਹਨਾਂ ਨੂੰ ਬਹੁਤ ਸਾਵਧਾਨੀ ਨਾਲ ਚਲਾਉਣਾ ਲਾਜ਼ਮੀ ਹੈ, ਕਿਉਂਕਿ ਇਸ ਦੌਰਾਨ ਅਕਸਰ ਹਾਦਸਿਆਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਵਾਹਨਾਂ ਦੀਆਂ ਲਾਈਟਾਂ ਆਦਿ ਦਰੁਸਤ ਰੱਖੀਆਂ ਜਾਣ ਤਾਂ ਜੋ ਆਪਣੀ ਜਾਂ ਕਿਸੇ ਹੋਰ ਦੀ ਜਾਨ ਖਤਰੇ ਵਿੱਚ ਨਾ ਪਵੇ। ਜੇਕਰ ਵਾਹਨ ਖਰਾਬ ਹੋ ਜਾਵੇ ਤਾਂ ਉਸਨੂੰ ਤੁਰੰਤ ਸੜਕ ਦੇ ਕਿਨਾਰੇ ਖੜਾਉਣ ਦਾ ਯਤਨ ਕੀਤਾ ਜਾਵੇ। ਧੁੰਦ ਦੌਰਾਨ ਵਰਤਣੀ ਚਾਹੀਦੀ ਸਾਵਧਾਨੀ : ਭੁੱਲਰ ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਕਿਹਾ ਕਿ ਮੌਸਮ ਬਹੁਤ ਖਰਾਬ ਚੱਲ ਰਿਹਾ ਹੈ ਅਤੇ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਇਸ ਲਈ ਵਾਹਨ ਚਾਲਕਾਂ ਨੂੰ ਕਾਹਲੀ ਤੋਂ ਬਚਦੇ ਹੋਏ ਪੂਰੀ ਸਾਵਧਾਨੀ ਨਾਲ ਚਲਣਾ ਚਾਹੀਦਾ ਹੈ, ਤਾਂ ਜੋ ਹਾਦਸਿਆਂ ਤੋਂ ਬਚਾਅ ਰਹੇ ਅਤੇ ਕੀਮਤੀ ਜਾਨਾਂ ਖਤਰੇ ਵਿਚ ਨਾ ਪੈਣ। ਉਨ੍ਹਾਂ ਨੇ ਮਿਹਨਤਕਸ਼ ਵਰਗ ਨੂੰ ਵੀ ਠੰਢ ਤੋਂ ਬਚਣ ਲਈ ਸੁਚੇਤ ਰਹਿਣ ਦੀ ਅਪੀਲ ਕੀਤੀ। ਵਾਹਨਾਂ ਪਿੱਛੇ ਰਿਫਲੈਕਟਰ ਲਗਾਉਣੇ ਜ਼ਰੂਰੀ : ਨਰਿੰਦਰ ਸਿੰਘ ਐਨਜੀਓ ਕੋਆਰਡੀਨੇਸ਼ਨ ਕਮੇਟੀ ਬਲਾਕ ਜ਼ੀਰਾ ਦੇ ਪ੍ਰਧਾਨ ਅਤੇ ਸੇਵਾ ਮੁਕਤ ਲੈਕਚਰਾਰ ਨਰਿੰਦਰ ਸਿੰਘ ਨੇ ਕਿਹਾ ਕਿ ਧੁੰਦ ਦੌਰਾਨ ਉਨ੍ਹਾਂ ਵਾਹਨਾਂ ਦੇ ਪਿੱਛੇ ਰਿਫਲੈਕਟਰ ਜ਼ਰੂਰ ਹੋਣੇ ਚਾਹੀਦੇ ਹਨ, ਜਿਨ੍ਹਾਂ ’ਤੇ ਪਿੱਛੇ ਲਾਈਟਾਂ ਨਹੀਂ ਹੁੰਦੀਆਂ। ਉਨ੍ਹਾਂ ਕਿਹਾ ਕਿ ਇਸ ਵੇਲੇ ਬਹੁਤ ਸੰਘਣੀ ਧੁੰਦ ਪੈ ਰਹੀ ਹੈ, ਇਸ ਲਈ ਬਿਨਾ ਵਜ੍ਹਾ ਦੇ ਸਫ਼ਰ ਤੋਂ ਬਚਣਾ ਚਾਹੀਦਾ ਹੈ ਅਤੇ ਸਾਵਧਾਨੀ ਨਾਲ ਹੀ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਧੁੰਦ ਦੌਰਾਨ ਨਿਯਮਾਂ ਦੀ ਪਾਲਣਾ ਲਾਜ਼ਮੀ : ਸਵਰਨ ਸਿੰਘ ਜ਼ੀਰਾ ਦੇ ਟਰੈਫ਼ਿਕ ਇੰਚਾਰਜ ਏਐਸਆਈ ਸਵਰਨ ਸਿੰਘ ਨੇ ਕਿਹਾ ਕਿ ਧੁੰਦ ਦੌਰਾਨ ਵਾਹਨ ਚਲਾਉਂਦੇ ਸਮੇਂ ਪੂਰੀ ਸੁਚੇਤਤਾ ਅਤੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਸੜਕ ’ਤੇ ਬਣੀ ਸਫੈਦ ਪੱਟੀ ’ਤੇ ਧਿਆਨ ਰੱਖਣ, ਰਫ਼ਤਾਰ ’ਤੇ ਕਾਬੂ ਬਣਾਈ ਰੱਖਣ, ਵਾਹਨਾਂ ਦੀਆਂ ਲਾਈਟਾਂ ਤੇ ਇਸ਼ਾਰੇ ਦਰੁਸਤ ਰੱਖਣ ਅਤੇ ਓਵਰਟੇਕ ਤੋਂ ਬਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਥੋੜ੍ਹੀ ਜਿਹੀ ਸਾਵਧਾਨੀ ਨਾਲ ਅਸੀਂ ਆਪਣੀ ਤੇ ਹੋਰਾਂ ਦੀ ਜ਼ਿੰਦਗੀ ਸੁਰੱਖਿਅਤ ਰੱਖ ਸਕਦੇ ਹਾਂ।