ਸਿਹਤਮੰਦ ਜੀਵਨਸ਼ੈਲੀ ਅਪਣਾਉਣ |ਚ ਸਹਾਈ ਸਿੱਧ ਹੋ ਰਹੀ ਹੈ ਸੀਐੱਮ ਦੀ ਯੋਗਸ਼ਾਲਾ
ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਵਿਚ ਸਹਾਈ ਸਿੱਧ ਹੋ ਰਹੀ ਹੈ ਸੀਐੱਮ ਦੀ ਯੋਗਸ਼ਾਲਾ
Publish Date: Fri, 20 Feb 2026 04:44 PM (IST)
Updated Date: Fri, 20 Feb 2026 04:45 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਸਿਹਤਮੰਦ ਰੱਖਣ ਲਈ ਚਲਾਏ ਜਾ ਰਹੇ ਸੀਐੱਮ ਦੀ ਯੋਗਸ਼ਾਲਾ ਪ੍ਰੋਜੈਕਟ ਜ਼ਿਲ੍ਹੇ ਵਿਚ ਹਜ਼ਾਰਾਂ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਵਿਚ ਬਹੁਤ ਸਹਾਈ ਸਿੱਧ ਹੋ ਰਿਹਾ ਹੈ। ਅਕਤੂਬਰ 2023 ’ਚ ਸਾਰੇ ਸ਼ਹਿਰਾਂ ਵਿਚ ਸ਼ੁਰੂ ਕੀਤੇ ਇਸ ਪ੍ਰੋਜੈਕਤ ਤਹਿਤ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ 323 ਯੋਗ ਕਲਾਸਾਂ ਵਿਚ 13 ਹਜ਼ਾਰ ਤੋਂ ਵੱਧ ਲੋਕ ਰੋਜ਼ਾਨਾਂ ਮੁਫ਼ਤ ਯੋਗ ਕਲਾਸਾਂ ਵਿਚ ਯੋਗ ਕਰ ਕੇ ਲਾਭ ਲੈ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਨਪ੍ਰੀਤ ਕੌਰ ਜ਼ਿਲ੍ਹਾ ਕੋਆਰਡੀਨੇਟਰ ਸੀਐੱਮ ਦੀ ਯੋਗਸ਼ਾਲਾ ਨੇ ਦੱਸਿਆ ਕਿ ਸਿਹਤਮੰਦ ਪੰਜਾਬ ਦੀ ਸਿਰਜਣਾ ਵਿਚ ਸੀਐੱਮ ਦੀ ਯੋਗਸ਼ਾਲਾ ਕਾਫ਼ੀ ਯੋਗਦਾਨ ਪਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ 94 ਮਾਹਿਰ ਯੋਗ ਟਰੇਨਰ ਨਿਯੁਕਤ ਕੀਤੇ ਗਏ ਹਨ ਜੋ ਫ਼ਿਰੋਜ਼ਪੁਰ ਦੇ ਤਹਿਸੀਲਾਂ, ਬਲਾਕਾਂ, ਪਿੰਡਾਂ ਵਿਚ ਵੱਖ-ਵੱਖ ਥਾਵਾਂ ’ਤੇ ਸੀਐੱਮ ਦੀ ਯੋਗਸ਼ਾਲਾ ਦੀਆਂ ਸਵੇਰੇ-ਸ਼ਾਮ ਕਲਾਸਾਂ ਲੈ ਕੇ ਲੋਕਾਂ ਨੂੰ ਯੋਗ ਸਿਖਾ ਰਹੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਜ਼ਦੀਕ ਦੀ ਯੋਗ ਕਲਾਸ ਦਾ ਲਾਭ ਜ਼ਰੂਰ ਲੈਣ। ਉਨ੍ਹਾਂ ਦੱਸਿਆ ਕਿ ਸੀਐੱਮ ਦੀ ਯੋਗਸ਼ਾਲਾ ਤਹਿਤ ਫ਼ਿਰੋਜ਼ਪੁਰ, ਗੁਰੂਹਰਸਹਾਏ, ਜ਼ੀਰਾ ਅਤੇ ਮਖੂ ਵਿਖੇ ਸ਼ਹਿਰਾਂ ਅਤੇ ਪਿੰਡਾਂ ਵਿਚ ਵੱਖ-ਵੱਖ ਥਾਵਾਂ ’ਤੇ ਯੋਗ ਕਲਾਸਾਂ ਸਵੇਰੇ ਸ਼ਾਮ ਲੱਗਦੀਆਂ ਹਨ। ਇਹ ਕਲਾਸਾਂ ਬਿਲਕੁਲ ਮੁਫ਼ਤ ਹਨ ਅਤੇ ਪੰਜਾਬ ਸਰਕਾਰ ਵੱਲੋਂ ਨਿਯੁਕਤ ਮਾਹਿਰ ਯੋਗ ਟਰੇਨਰਾਂ ਵੱਲੋਂ ਲੋਕਾਂ ਨੂੰ ਯੋਗ ਅਭਿਆਸ ਕਰਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਟਰੇਨਰ ਆਪਣੀ ਸੇਵਾ ਬੜੀ ਬਾਖੂਬੀ ਦੇ ਨਾਲ ਨਿਭਾ ਰਿਹਾ ਹੈ। ਯੋਗ ਕਰਵਾਉਣ ਦੇ ਨਾਲ-ਨਾਲ ਲੋਕਾਂ ਨੂੰ ਯੋਗ ਦੇ ਫਾਇਦਿਆਂ ਬਾਰੇ ਵੀ ਜਾਗਰੂਕ ਕਰਵਾਇਆ ਜਾ ਰਿਹਾ ਹੈ ਅਤੇ ਸਿਹਤਮੰਦ ਜੀਵਨਸ਼ੈਲੀ ਅਤੇ ਸੰਤੁਲਿਤ ਖੁਰਾਕ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਮੁਫ਼ਤ ਯੋਗਸ਼ਾਲਾ ਦੇ ਵਿਚ ਹਰ ਵਰਗ ਦੇ ਲੋਕ ਬੱਚੇ, ਨੌਜਵਾਨ, ਔਰਤਾਂ ਅਤੇ ਬਜ਼ੁਰਗ ਭਾਗ ਲੈ ਸਕਦੇ ਹਨ।