ਲੋਕਾਂ ਦੇ ਦੱਸ ਲੱਖ ਦੇ ਮੁਫਤ ਬਣਨਗੇ ਬੀਮਾ ਕਾਰਡ : ਡਾ ਰਾਜੀਵ ਪਰਾਸ਼ਰ
ਸਿਵਲ ਸਰਜਨ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਦੀ ਕੀਤੀ ਸ਼ੁਰੂਆਤ
Publish Date: Sat, 24 Jan 2026 04:51 PM (IST)
Updated Date: Sat, 24 Jan 2026 04:52 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉੱਚ ਗੁਣਵੱਤਾ ਵਾਲੀਆਂ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਵੱਲੋਂ ਇਸ ਸਿਹਤ ਯੋਜਨਾ ਦੇ ਰਜਿਸਟਰੇਸ਼ਨ ਫਾਰਮ ਜਾਰੀ ਕਰਕੇ ਕੀਤੀ ਗਈ। ਅੱਜ ਸਿਵਲ ਹਪਸਤਾਲ ਫ਼ਿਰੋਜ਼ਪੁਰ, ਸਬ ਡਵੀਜ਼ਨ ਹਸਪਤਾਲ ਜ਼ੀਰਾ ਅਤੇ ਵੱਖ ਵੱਖ ਸਮੁਦਾਇਕ ਸਿਹਤ ਕੇਂਦਰਾਂ ਹੇਠ ਆਉਂਦੇ ਕਾਮਨ ਸਰਵਿਸ ਸੈਂਟਰਾਂ ਤੋਂ ਲਾਭਪਾਤਰੀਆਂ ਦਾ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਜਿਨ੍ਹਾਂ ਲਾਭਪਾਤਰੀਆਂ ਦੀ ਇਸ ਯੋਜਨਾ ਹੇਠ ਰਜਿਸਟਰੇਸ਼ਨ ਹੋ ਗਈ ਹੈ, ਓਹ ਅੱਜ ਤੋਂ ਹੀ ਮੁਫ਼ਤ ਇਲਾਜ਼ ਕਰਵਾ ਕੇ ਇਸਦਾ ਲਾਭ ਲੈ ਸਕਦੇ ਹਨ। ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਵੱਲੋਂ ਦੱਸਿਆਂ ਗਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਸਰਕਾਰ ਦੀ ਇਕ ਪ੍ਰਮੁੱਖ ਸਿਹਤ ਸੰਭਾਲ ਯੋਜਨਾ ਹੈ ਜੋ ਪੰਜਾਬ ਦੇ ਸਾਰੇ ਪ੍ਰਮਾਣਿਤ ਨਾਗਰਿਕਾਂ ਨੂੰ ਨਕਦ ਰਹਿਤ ਦੂਜੇ ਅਤੇ ਤੀਜੇ ਦਰਜੇ ਦੀ ਡਾਕਟਰੀ ਦੇਖਭਾਲ ਪ੍ਰਦਾਨ ਕਰਦੀ ਹੈ। ਇਹ ਯੋਜਨਾ ਪੰਜਾਬ ਦੇ ਸਾਰੇ ਯੋਗ ਪਰਿਵਾਰਾਂ ਲਈ ਹੈ, ਜੋ ਬਿਨ੍ਹਾ ਕਿਸੇ ਵਿੱਤੀ ਪ੍ਰੇਸ਼ਾਨੀ ਦੇ ਮਿਆਰੀ ਸਿਹਤ ਸੰਭਾਲ ਪਹੁੰਚ ਯਕੀਨੀ ਬਣਾਉਂਦੀ ਹੈ। ਇਸ ਯੋਜਨਾ ਅਧੀਨ ਮਰੀਜ਼ ਆਪਣਾ ਇਲਾਜ ਕਿਸੇ ਵੀ ਸਰਕਾਰੀ ਹਸਪਤਾਲ ਜਾਂ ਸੂਚੀਬੱਧ ਕੀਤੇ ਪ੍ਰਾਈਵੇਟ ਹਸਪਤਾਲ ਤੋਂ ਕਰਵਾ ਸਕਦਾ ਹੈ। ਇਸ ਯੋਜਨਾ ਵਿਚ ਸੂਬੇ ਦੇ 219 ਸਰਕਾਰੀ ਹਸਪਤਾਲ ਅਤੇ ਲਗਭਗ 600 ਪ੍ਰਾਈਵੇਟ ਹਸਪਤਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਨੇ ਜਾਣਕਾਰੀ ਦਿੱਤੀ ਕਿ ਇਸ ਯੋਜਨਾ ਹੇਠ ਰਜਿਸਟਰ ਹੋਣ ਲਈ ਸਾਰੇ ਜ਼ਿਲ੍ਹਿਆਂ ਵਿਚ ਈ-ਕਾਰਡ ਮੁਫ਼ਤ ਬਣਾਏ ਜਾਣਗੇ। ਲਾਭਪਾਤਰੀ ਆਪਣਾ ਅਧਾਰ ਕਾਰਡ, ਵੋਟਰ ਕਾਰਡ ਅਤੇ 18 ਸਾਲ ਤੋਂ ਘੱਟ ਲਾਭਪਾਤਰੀ ਅਧਾਰ ਕਾਰਡ ਅਤੇ ਜਨਮ ਪ੍ਰਮਾਣ ਪੱਤਰ ਜ਼ਮਾਂ ਕਰਵਾ ਕੇ ਆਪਣਾ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਸ ਯੋਜਨਾ ਤਹਿਤ ਪ੍ਰਤੀ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਇਲਾਜ, ਜੋ ਗੰਭੀਰ ਬਿਮਾਰੀਆਂ, ਸਰਜਰੀਆਂ ਅਤੇ ਐਮਰਜੈਂਸੀ ਨੂੰ ਕਵਰ ਕਰਦਾ ਹੈ। ਡਿਪਟੀ ਮੈਡੀਕਲ ਕਮਿਸ਼ਨਰ ਫ਼ਿਰੋਜ਼ਪੁਰ ਡਾ ਗੁਰਮੇਜ਼ ਰਾਮ ਨੇ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 2,356 ਇਲਾਜ ਦੇ ਪੈਕੇਜ ਉਪਲੱਬਧ ਹਨ (ਦਿਲ ਨਾਲ ਸਬੰਧਤ ਬਿਮਾਰੀਆਂ ਦਾ ਇਲਾਜ, ਕੈਂਸਰ ਦਾ ਇਲਾਜ, ਗੁਰਦਿਆਂ ਦਾ ਡਾਇਲੇਸਿਜ਼, ਦਿਮਾਗ ਦੀ ਸਰਜਰੀ ਆਦਿ ਇਸ ਵਿਚ ਕਵਰ ਕੀਤੇ ਜਾਂਦੇ ਹਨ) ਇਹ ਯੋਜਨਾ ਹਸਪਤਾਲ ਵਿਚ ਭਰਤੀ ਹੋਣ ਤੋਂ ਪਹਿਲਾਂ ਅਤੇ ਹਸਪਤਾਲ ਵਿਚ ਭਰਤੀ ਹੋਣ ਬਾਅਦ ਦੀ ਦੇਖਭਾਲ ਦਾ ਖ਼ਰਚਾ, ਆਈਸੀਯੂ ਅਤੇ ਕ੍ਰਿਟੀਕਲ ਕੇਅਰ ਸੇਵਾਵਾਂ, ਜਾਂਚ, ਦਵਾਈਆਂ ਅਤੇ ਖਪਤਕਾਰ ਸਮਾਨ ਅਤੇ ਸਰਜਰੀਆਂ ਵੀ ਕਵਰ ਕਰਦੀ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੂਸ਼ਮਾ ਠੱਕਰ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਮਨਦੀਪ ਕੌਰ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮੀਨਾਕਸ਼ੀ ਅਬਰੋਲ, ਸੀਨੀਅਰ ਮੈਡੀਕਲ ਅਫਸਰ ਡਾ. ਨਿਖਿਲ ਗੁਪਤਾ, ਸੀਨੀਅਰ ਮੈਡੀਕਲ ਅਫਸਰ ਡਾ. ਨਵੀਨ ਸੇਠੀ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫਸਰ ਅੰਕੁਸ਼ ਭੰਡਾਰੀ, ਨੇਹਾ ਭੰਡਾਰੀ ਅਤੇ ਹੋਰ ਅਧਿਕਾਰੀ, ਕਰਮਚਾਰੀ ਹਾਜ਼ਰ ਸਨ।