ਸਿਹਤ ਯੋਜਨਾ ਤੇ ਐੱਚਪੀਵੀ ਵੈਕਸੀਨ ਦਾ ਲਿਆ ਜਾਇਜ਼ਾ
ਸਿਵਲ ਸਰਜਨ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਅਤੇ ਐੱਚਪੀਵੀ ਵੈਕਸੀਨ ਸਬੰਧੀ ਕੀਤੀ ਸਮੀਖਿਆ ਮੀਟਿੰਗ
Publish Date: Tue, 10 Mar 2026 05:34 PM (IST)
Updated Date: Tue, 10 Mar 2026 05:36 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਦੀ ਅਗਵਾਈ ਹੇਠ ਜਿਲ੍ਹੇ ਵਿਚ ਚੱਲ ਰਹੇ ਮੁੱਖ ਮੰਤਰੀ ਸਿਹਤ ਯੋਜਨਾ ਅਤੇ ਐੱਚਪੀਵੀ ਵੈਕਸੀਨ ਪ੍ਰੋਗਰਾਮਾਂ ਦੀ ਪ੍ਰਗਤੀ ਸੰਬਧੀ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਸਹਾਇਕ ਸਿਵਲ ਸਰਜਨ, ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਿਪਟੀ ਮੈਡੀਕਲ ਕਮਿਸ਼ਨਰ, ਜ਼ਿਲ੍ਹੇ ਦੇ ਸਾਰੇ ਸੀਨੀਅਰ ਮੈਡੀਕਲ ਅਫਸਰਾਂ, ਮਾਸ ਮੀਡੀਆ ਬਰਾਂਚ ਦੇ ਅਧਿਕਾਰੀਆਂ ਅਤੇ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਨੇ ਭਾਗ ਲਿਆ। ਸਿਵਲ ਸਰਜਨ ਡਾਕਟਰ ਰਾਜੀਵ ਪਰਾਸ਼ਰ ਨੇ ਚੱਲ ਰਹੀਆਂ ਸਿਹਤ ਯੋਜਨਾਵਾਂ ਸਬੰਧੀ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਫ਼ਿਰੋਜ਼ਪੁਰ ’ਚ ਐੱਚਪੀਵੀ ਵੈਕਸੀਨ ਸੰਬਧੀ ਲੋਕਾਂ ਵਿਚ ਕਾਫੀ ਉਤਸਾਹ ਪਾਇਆ ਜਾ ਰਿਹਾ ਹੈ। 14 ਸਾਲ ਦੀ ਉਮਰ ਦੀਆਂ ਲੜਕੀਆਂ ਲਈ ਅਤੀ ਜ਼ਰੂਰੀ ਐਚਪੀਵੀ (ਬੱਚੇਦਾਣੀ ਦੇ ਮੂੰਹ ਦੇ ਕੈਂਸਰ) ਤੋਂ ਬਚਾਓ ਲਈ ਟੀਕਾਕਰਣ ਜ਼ਰੂਰ ਕਰਵਾਇਆ ਜਾਵੇ। ਪ੍ਰਾਈਵੇਟ ਖ਼ੇਤਰ ਵਿਚ ਇਹ ਐਚਪੀਵੀ ਟੀਕਾ ਕਰੀਬ ਤਿੰਨ ਤੋਂ ਚਾਰ ਹਜ਼ਾਰ ਰੁਪਏ ਦਾ ਲੱਗਦਾ ਹੈ, ਪਰ ਸਿਹਤ ਵਿਭਾਗ ਵੱਲੋਂ ਇਹ ਟੀਕਾ ਬਿਲਕੁਲ ਮੁਫਤ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਹੇਠ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਖੇ ਕਾਫੀ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਆਪਣਾ ਮੁਫਤ ਇਲਾਜ ਕਰਾ ਕੇ ਇਸ ਯੋਜਨਾ ਦਾ ਪੂਰਾ ਫਾਇਦਾ ਲਿਆ ਜਾ ਰਿਹਾ ਹੈ। ਜਿਨ੍ਹਾਂ ਵਸਨੀਕਾਂ ਦੇ ਹਾਲੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਨਹੀਂ ਬਣੇ ਉਹ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਲੈ ਕੇ ਨੇੜਲੇ ਕਾਮਨ ਸਰਵਿਸ ਸੈਂਟਰਾਂ ਅਤੇ ਸਰਕਾਰੀ ਹਸਪਤਾਲ ਵਿਖੇ ਆਪਣਾ ਕਾਰਡ ਬਣਾ ਸਕਦੇ ਹਨ।