ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਰੋਕਣ ਲਈ ਚਰਚਾ
ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਰੋਕਣ ਲਈ ਸਿਵਲ ਸਰਜਨ ਨੇ ਕੀਤੀ ਮੀਟਿੰਗ
Publish Date: Wed, 11 Mar 2026 05:34 PM (IST)
Updated Date: Wed, 11 Mar 2026 05:36 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣਾ ਸਿਹਤ ਵਿਭਾਗ ਦਾ ਮੁੱਖ ਮੱਕਸਦ ਹੈ। ਇਸ ਸਬੰਧੀ ਸਮੇਂ ਸਮੇਂ ’ਤੇ ਗਰਭਵਤੀ ਔਰਤਾਂ ਦਾ ਨਿਰੀਖਣ ਕੀਤਾ ਜਾਂਦਾ ਰਹਿੰਦਾ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਕਿਹਾ ਕਿ ਜੇਕਰ ਕਿਸੇ ਵੀ ਗਰਭਵਤੀ ਔਰਤ ਦੀ ਗਰਭ ਦੌਰਾਨ ਮੌਤ, ਜਣੇਪੇ ਦੌਰਾਨ ਜਾਂ ਜਣੇਪੇ ਤੋਂ 42 ਦਿਨਾਂ ਬਾਅਦ ਕਿਸੇ ਵੀ ਕਾਰਨ ਕਰਕੇ ਮੌਤ ਹੁੰਦੀ ਹੈ ਤਾਂ ਸਿਹਤ ਵਿਭਾਗ ਵੱਲੋਂ ਉਸਦੇ ਕਾਰਨਾਂ ਦੀ ਜਾਂਚ ਕਰਨ ਸਬੰਧੀ ਮੈਟਰਨਲ ਡੈਥ ਰੀਵਿਊ ਮੀਟਿੰਗ ਕੀਤੀ ਜਾਂਦੀ ਹੈ। ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਦੀ ਅਗਵਾਈ ਵਿੱਚ ਹੋਈ ਮੈਟਰਨਲ ਡੈਥ ਰੀਵਿਊ ਮੀਟਿੰਗ ਵਿਚ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮਨਦੀਪ ਕੌਰ ਦੱਸਿਆ ਕਿ ਇਸ ਮੀਟਿੰਗ ਵਿੱਚ ਗਰਭਵਤੀ ਔਰਤ ਦਾ ਇਲਾਜ ਕਰਨ ਵਾਲੇ ਡਾਕਟਰ, ਸਬੰਧਤ ਸਿਹਤ ਕਰਮਚਾਰੀ, ਆਸ਼ਾ ਵਰਕਰ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਯਕੀਨੀ ਤੌਰ ’ਤੇ ਸ਼ਾਮਲ ਕੀਤਾ ਜਾਂਦਾ ਹੈ ਤਾਂ ਕਿ ਕਮੀਆਂ ਦਾ ਬਰੀਕੀ ਨਾਲ ਵਿਸ਼ਲੇਸ਼ਣ ਕਰਕੇ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਸਕੇ ਅਤੇ ਭਵਿੱਖ ਵਿਚ ਹੋਣ ਵਾਲੀ ਅਜਿਹੀ ਕਿਸੀ ਵੀ ਸਥਿਤੀ ਨਾਲ ਨਜਿੱਠਿਆ ਜਾ ਸਕੇ ਤਾਂ ਜੋ ਮੌਤ ਨੂੰ ਰੋਕਿਆ ਜਾ ਸਕੇ। ਸਟਾਫ ਨੂੰ ਇਸ ਸਬੰਧੀ ਲੋੜੀਂਦੀਆਂ ਹਦਾਇਤਾਂ ਵੀ ਕੀਤੀਆਂ ਗਈਆਂ। ਮੀਟਿੰਗ ਵਿਚ ਗਰਭਵਤੀ ਔਰਤਾਂ ਦੇ ਜਣੇਪੇ ਦੌਰਾਨ ਖ਼ਤਰੇ ਦੇ ਚਿੰਨ੍ਹਾਂ ਬਾਰੇ ਏਐੱਨਐੱਮ ਅਤੇ ਆਸ਼ਾ ਵਰਕਰ ਨੂੰ ਜਾਣਕਾਰੀ ਦਿੱਤੀ ਗਈ। ਅੱਜ ਰੀਵਿਊ ਕਮੇਟੀ ਜਿਸ ਵਿਚ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮਨਦੀਪ ਕੌਰ, ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ ਢੀਂਗਰਾ ਅਤੇ ਔਰਤ ਰੋਗਾਂ ਦੇ ਮਾਹਿਰ ਡਾ ਰੀਚਾ, ਡਾ. ਤੂਸ਼ਟੀ ਵੱਲੋਂ ਕੀਤੀ ਇਸ ਪੜਤਾਲ ਦਾ ਮੁੱਖ ਮਕਸਦ ਭਵਿੱਖ ’ਚ ਹੋਣ ਵਾਲੀਆਂ ਅਜਿਹੀਆਂ ਮੌਤਾਂ ਨੂੰ ਰੋਕਿਆ ਜਾ ਸਕੇ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗਰਭਵਤੀ ਔਰਤਾਂ ਦੀ ਜਲਦ ਤੋਂ ਜਲਦ ਰਜਿਸਟਰੇਸ਼ਨ ਕਰਵਾਉਣੀ ਅਤਿ ਜ਼ਰੂਰੀ ਹੈ ਤਾਂ ਕਿ ਡਾਕਟਰੀ ਜਾਂਚ ਉਪਰੰਤ ਜਣੇਪੇ ਦੌਰਾਨ ਹੋਣ ਵਾਲੀਆਂ ਮੁਸ਼ਕਲਾਂ ਅਤੇ ਅਣਹੋਣੀ ਤੋਂ ਬਚਾਇਆ ਜਾ ਸਕੇ।