ਮਾਤਰੀ ਮੌਤ ਦਰ ਨੂੰ ਰੋਕਣਾ ਸਿਹਤ ਵਿਭਾਗ ਦਾ ਮੁੱਖ ਟੀਚਾ : ਡਾ. ਪਰਾਸ਼ਰ
ਸਿਵਲ ਸਰਜਨ ਫਿਰੋਜ਼ਪੁਰ ਵੱਲੋਂ ਸੀਐੱਚਸੀ ਗੁਰੂਹਰਸਹਾਏ ਵਿਖੇ ਕੀਤੀ ਅਚਨਚੇਤ ਚੈਕਿੰਗ
Publish Date: Wed, 21 Jan 2026 03:52 PM (IST)
Updated Date: Wed, 21 Jan 2026 03:54 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਸਿਹਤ ਵਿਭਾਗ ਵਿਚ ਪੁਖ਼ਤਾ ਸੁਧਾਰ ਕਰਨ ਦੇ ਮੰਤਵ ਨੂੰ ਲੈ ਕੇ ਅੱਜ ਸਿਵਲ ਸਰਜਨ ਫ਼ਿਰੋਜ਼ਪੁਰ ਡਾ ਰਾਜੀਵ ਪਰਾਸ਼ਰ ਵੱਲੋਂ ਸੀਐੱਚਸੀ ਗੁਰੂਹਰਸਹਾਏ ਵਿਖੇ ਅਚਨਚੇਤ ਚੈਕਿੰਗ ਕਰ ਹਲਾਤਾਂ ਦਾ ਜਾਇਜਾ ਲਿਆ। ਆਪਣੀ ਫੇਰੀ ਦੌਰਾਨ ਉਨ੍ਹਾਂ ਨੇ ਸੀਐੱਚਸੀ ਗੁਰੂਹਰਸਹਾਏ ਦੇ ਓਪੀਡੀ, ਜੱਚਾ ਬੱਚਾ ਵਾਰਡ, ਲੈਬ ਅਤੇ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਡਾ. ਕਰਨਵੀਰ ਕੌਰ ਸੀਨੀਅਰ ਮੈਡੀਕਲ ਅਫ਼ਸਰ, ਡਾ. ਗੁਰਪ੍ਰੀਤ ਕੰਬੋਜ਼ ਮੈਡੀਕਲ ਅਫ਼ਸਰ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਨਾਲ ਸਨ। ਆਪਣੇ ਇਸ ਦੌਰੇ ਬਾਰੇ ਜਾਣਕਾਰੀ ਸਾਂਝੀ ਕਰਦਿਆ ਡਾ. ਰਾਜੀਵ ਪਰਾਸ਼ਰ ਸਿਵਲ ਸਰਜਨ ਫਿਰੋਜ਼ਪੁਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਪੱਧਰ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਦਿਨ ਰਾਤ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤਹਿਤ ਉਨ੍ਹਾਂ ਵੱਲੋਂ ਲਗਾਤਾਰ ਸਿਹਤ ਕੇਂਦਰ ਦੇ ਦੌਰੇ ਕਰਕੇ ਵੱਧ ਤੋਂ ਵੱਧ ਸੁਧਾਰ ਕੀਤਾ ਜਾਵੇਗਾ ਅਤੇ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਵੱਲੋਂ ਸਿਹਤ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਗਰਭਵਤੀ ਔਰਤਾਂ ਦੀ ਸਿਹਤ ਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਜੋ ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਨੂੰ ਘਟਾਇਆ ਜਾ ਸਕੇ। ਇਸਤੋਂ ਇਲਾਵਾ ਹਾਈ-ਰਿਸਕ ਗਰਭ ਅਵਸਥਾ ਵਾਲੇ ਕੇਸਾਂ ਦੀ ਜਲਦੀ ਪਛਾਣ ਕਰਨਾ ਅਤੇ ਉਨ੍ਹਾਂ ਦਾ ਮਾਹਰ ਡਾਕਟਰ ਕੋਲ ਚੈੱਕਅੱਪ ਯਕੀਨੀ ਬਣਾਇਆ ਜਾਵੇ। ਮੀਟਿੰਗ ਵਿਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਵੱਧ ਤੋਂ ਵੱਧ ਜਣੇਪੇ ਸਰਕਾਰੀ ਹਸਪਤਾਲਾਂ ਵਿੱਚ ਕਰਵਾਏ ਜਾਣ ਤਾਂ ਜੋ ਮਾਂ ਅਤੇ ਬੱਚਾ ਦੋਵੇਂ ਸੁਰੱਖਿਅਤ ਰਹਿਣ। ਉਨ੍ਹਾਂ ਨੇ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਰਕਾਰੀ ਸਕੀਮਾਂ ਦਾ ਲਾਭ ਹਰ ਗਰਭਵਤੀ ਔਰਤ ਤੱਕ ਪਹੁੰਚਣਾ ਯਕੀਨੀ ਬਣਾਉਣ ਤੇ ਜੋਰ ਦਿੰਦਿਆ ਕਿਹਾ ਕਿ ’ਜਨਨੀ ਸੁਰੱਖਿਆ ਯੋਜਨਾ’ ਅਤੇ ‘ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ’ ਵਰਗੀਆਂ ਸਕੀਮਾਂ ਦਾ ਲਾਭ ਹਰ ਲੋੜਵੰਦ ਔਰਤ ਤੱਕ ਜ਼ਰੂਰ ਪਹੁੰਚਾਇਆ ਜਾਵੇ। ਲਿੰਗ ਨਿਰਧਾਰਨ ਟੈਸਟਾਂ ਦੀ ਰੋਕਥਾਮ ਲਈ ਪੀਐੱਨਡੀਟੀ ਐਕਟ ਦੀ ਸਖਤੀ ਨਾਲ ਪਾਲਣਾ ਕਰਨਾ ਅਤੇ ਭਰੂਣ ਹੱਤਿਆ ਵਰਗੀਆਂ ਬੁਰਾਈਆਂ ਵਿਰੁੱਧ ਸਖ਼ਤ ਰੁਖ ਅਖਤਿਆਰ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਮੀਟਿੰਗ ਦੌਰਾਨ ਸਿਵਲ ਸਰਜਨ ਨੇ ਕਿਹਾ ਕਿ ਸਾਡਾ ਮੁੱਖ ਟੀਚਾ ਹਰ ਗਰਭਵਤੀ ਔਰਤ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਡਾਕਟਰਾਂ ਨੂੰ ਚਾਹੀਦਾ ਹੈ ਕਿ ਉਹ ਮਰੀਜ਼ਾਂ ਨਾਲ ਨਰਮੀ ਨਾਲ ਪੇਸ਼ ਆਉਣ ਅਤੇ ਐਮਰਜੈਂਸੀ ਸੇਵਾਵਾਂ ਲਈ ਹਮੇਸ਼ਾ ਤਿਆਰ ਰਹਿਣ। ਇਸ ਮੌਕੇ ਬਿੱਕੀ ਕੌਰ ਬੀਈਈ, ਅਜੇ ਕੁਮਾਰ ਐੱਮਐੱਲਟੀ ਗ੍ਰੇਡ-1, ਕੁਲਜੀਤ ਸਿੰਘ ਸਟੈਨੋ, ਸੰਦੀਪ ਸਿੰਘ ਆਈਏ ਆਦਿ ਸਮੂਹ ਸਟਾਫ ਹਾਜ਼ਰ ਸੀ।