ਮਰੀਜ਼ ਵੱਲੋਂ ਸ਼ਿਕਾਇਤ ਮਿਲਣ ’ਤੇ ਸਿਵਲ ਸਰਜਨ ਵੱਲੋਂ ਦੇਰ ਰਾਤ ਸਿਵਲ ਹਸਪਤਾਲ ਦੀ ਚੈਕਿੰਗ
ਮਰੀਜ਼ ਵੱਲੋਂ ਸ਼ਿਕਾਇਤ ਮਿਲਣ ’ਤੇ ਸਿਵਲ ਸਰਜਨ ਵੱਲੋਂ ਦੇਰ ਰਾਤ ਕੀਤੀ ਸਿਵਲ ਹਸਪਤਾਲ ਦੀ ਚੈਕਿੰਗ
Publish Date: Wed, 21 Jan 2026 04:02 PM (IST)
Updated Date: Wed, 21 Jan 2026 04:03 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਦਾਖ਼ਲ ਮਰੀਜ਼ ਵੱਲੋਂ ਸਹੀ ਢੰਗ ਨਾਲ ਇਲਾਜ ਨਾ ਮਿਲਣ ਸਬੰਧੀ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਨੂੰ ਫ਼ੋਨ ਕਰਕੇ ਸ਼ਿਕਾਇਤ ਕੀਤੀ ਗਈ। ਸਿਵਲ ਸਰਜਨ ਵੱਲੋਂ ਤੁਰੰਤ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ ਤਾਂ ਕਿ ਕਿਸੇ ਵੀ ਮਰੀਜ਼ ਨੂੰ ਇਲਾਜ ਮਿਲਣ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਦੀ ਮਰੀਜ਼ ਵੱਲੋਂ ਦੁਬਾਰਾ ਸ਼ਿਕਾਇਤ ਕਰਨ ’ਤੇ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਦੇਰ ਰਾਤ ਖੁਦ ਸਿਵਲ ਹਸਪਤਾਲ ਮੌਕੇ ’ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਬੀਤੀ ਦੇਰ ਰਾਤ ਉਨ੍ਹਾਂ ਵਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਐਮਰਜੈਂਸੀ ਵਾਰਡ ਅਤੇ ਜੱਚਾ-ਬੱਚਾ ਵਾਰਡ ਦੀ ਅਚਾਨਕ ਜਾਂਚ ਕੀਤੀ ਗਈ। ਜਾਂਚ ਦੌਰਾਨ ਹਸਪਤਾਲ ਵਿਚ ਕਈ ਗੰਭੀਰ ਖਾਮੀਆਂ ਸਾਹਮਣੇ ਆਈਆਂ। ਕੁਝ ਕਰਮਚਾਰੀਆਂ ਵੱਲੋਂ ਡਿਊਟੀ ਵਿਚ ਲਾਪਰਵਾਹੀ ਅਤੇ ਆਪਣੀਆਂ ਜ਼ਿੰਮੇਵਾਰੀਆਂ ਢੰਗ ਨਾਲ ਨਾ ਨਿਭਾਉਣ ਦੇ ਮਾਮਲੇ ਵੀ ਸਾਹਮਣੇ ਆਏ। ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਅੱਜ ਦਫ਼ਤਰ ਸਿਵਲ ਸਰਜਨ ਵਿਖੇ ਤਲਬ ਕੀਤਾ ਹੈ। ਕੰਮ ’ਚ ਢਿੱਲ ਬਰਦਾਸ਼ਤ ਨਹੀਂ : ਡਾ. ਪਰਾਸ਼ਰ ਸਿਵਲ ਸਰਜਨ ਨੇ ਸਪਸ਼ਟ ਕੀਤਾ ਕਿ ਜੋ ਵੀ ਅਧਿਕਾਰੀ ਜਾਂ ਕਰਮਚਾਰੀ ਆਪਣਾ ਕੰਮ ਢੰਗ ਨਾਲ ਨਹੀਂ ਕਰ ਰਹੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਪਹਿਲ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਾ. ਰਾਜੀਵ ਪਰਾਸ਼ਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਸੁਰੱਖਿਆ ਗਾਰਡਾਂ ਦੀ ਕਮੀ ਅਤੇ ਹਸਪਤਾਲ ਵਿਚ ਦਾਖਲ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦੇ ਬੈਠਣ ਵਾਸਤੇ ਜਗ੍ਹਾ ਦੀ ਘਾਟ ਨੂੰ ਦੂਰ ਕਰਨ ਲਈ ਕੋਈ ਢੁੱਕਵੀਂ ਯੋਜਨਾਂ ਵੀ ਅਮਲ ਵਿਚ ਲਿਆਂਦੀ ਜਾਏਗੀ। ਅੱਜ ਸਿਵਲ ਸਰਜਨ ਦਫ਼ਤਰ ਵਿਖੇ ਇਸ ਸੰਬਧੀ ਸਿਵਲ ਹਸਪਤਾਲ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਇਹ ਹਦਾਇਤ ਵੀ ਕੀਤੀ ਕਿ ਸਿਵਲ ਹਸਪਤਾਲ ਵਿਚ ਨਵੀਂ ਈਸੀਜੀ ਮਸ਼ੀਨ ਦਾ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਹਰ ਰੋਜ਼ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਨਰਸਿੰਗ ਸਿਸਟਰ ਨੂੰ ਨਾਲ ਲੈਕੇ ਜੱਚਾ ਬੱਚਾ ਵਾਰਡ, ਐਮਰਜੈਂਸੀ ਵਾਰਡ ਅਤੇ ਬਾਕੀ ਵਾਰਡਾਂ ਦਾ ਦੌਰਾ ਕਰਨਾ ਯਕੀਨੀ ਬਣਾਇਆ ਜਾਵੇ। ਡਿਪਟੀ ਮੈਡੀਕਲ ਕਮਿਸ਼ਨਰ ਵੱਲੋਂ ਵੀ ਹਰ ਹਫ਼ਤੇ ਇਨ੍ਹਾਂ ਵਾਰਡਾਂ ਦਾ ਦੌਰਾ ਕਰਕੇ ਪ੍ਰਬੰਧਾਂ ਦੀ ਜਾਂਚ ਕੀਤੀ ਜਾਵੇ। ਐਮਰਜੈਂਸੀ ਵਾਰਡ ਵਿਖੇ ਸਪੈਸ਼ਲਿਸਟ ਡਾਕਟਰਾਂ ਦਾ ਆਨ ਕਾਲ ਡਿਊਟੀ ਰਜਿਸਟਰ ਮੈਂਟੇਨ ਕੀਤਾ ਜਾਵੇ ਤਾਂ ਜੋ ਸਰਕਾਰੀ ਹਸਪਤਾਲ ਵਿਚ ਆਏ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਔਕੜ ਪੇਸ਼ ਨਾ ਆਵੇ।