ਹਸਪਤਾਲਾਂ ’ਚ ਮਰੀਜ਼ਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ : ਡਾ. ਪਰਾਸ਼ਰ
ਸਿਵਲ ਸਰਜਨ ਵੱਲੋਂ ਪੀਐੱਚਸੀ ਕੱਸੋਆਣਾ ਅਤੇ ਸਿਵਲ ਹਸਪਤਾਲ ਜ਼ੀਰਾ ਵਿਖੇ ਕੀਤੀ ਚੈਕਿੰਗ
Publish Date: Mon, 19 Jan 2026 03:35 PM (IST)
Updated Date: Mon, 19 Jan 2026 03:36 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸਿਹਤ ਵਿਭਾਗ ਵਿਚ ਪੁਖ਼ਤਾ ਸੁਧਾਰ ਕਰਨ ਦੇ ਮੰਤਵ ਨੂੰ ਲੈ ਕੇ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਵੱਲੋਂ ਪੀਐੱਚਸੀ ਕੱਸੋਆਣਾ ਤੇ ਸਿਵਲ ਹਸਪਤਾਲ ਜ਼ੀਰਾ ਵਿਖੇ ਅਚਨਚੇਤ ਚੈਕਿੰਗ ਕਰ ਹਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਮੌਕੇ ਸਟਾਫ ਅਤੇ ਮਰੀਜ਼ਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਪੁਖਤਾ ਹੱਲ ਦਾ ਭਰੋਸਾ ਦਿਵਾਇਆ। ਆਪਣੀ ਫੇਰੀ ਦੌਰਾਨ ਉਨ੍ਹਾਂ ਓਪੀਡੀ, ਜੱਚਾ ਬੱਚਾ ਵਾਰਡ, ਲੈਬ ਅਤੇ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ ਗਿਆ। ਜਾਣਕਾਰੀ ਸਾਂਝੀ ਕਰਦਿਆ ਡਾ. ਰਾਜੀਵ ਪਰਾਸ਼ਰ ਸਿਵਲ ਸਰਜਨ ਫਿਰੋਜ਼ਪੁਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਪੱਧਰ ਦੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਦਿਨ ਰਾਤ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤਹਿਤ ਉਨ੍ਹਾਂ ਵੱਲੋਂ ਲਗਾਤਾਰ ਸਿਹਤ ਕੇਂਦਰ ਦੇ ਦੌਰੇ ਕਰਕੇ ਵੱਧ ਤੋ ਵੱਧ ਸੁਧਾਰ ਕੀਤਾ ਜਾਵੇਗਾ ਅਤੇ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਵੱਲੋਂ ਸਿਹਤ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਗਰਭਵਤੀ ਔਰਤਾਂ ਦੀ ਸਿਹਤ ਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਜੋ ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਨੂੰ ਘਟਾਇਆ ਜਾ ਸਕੇ। ਇਸ ਤੋਂ ਇਲਾਵਾ ਹਾਈ-ਰਿਸਕ ਗਰਭ ਅਵਸਥਾ ਵਾਲੇ ਕੇਸਾਂ ਦੀ ਜਲਦੀ ਪਛਾਣ ਕਰਨਾ ਅਤੇ ਉਨ੍ਹਾਂ ਦਾ ਮਾਹਰ ਡਾਕਟਰ ਕੋਲ ਚੈੱਕਅੱਪ ਯਕੀਨੀ ਬਣਾਇਆ ਜਾਵੇ।ਮੀਟਿੰਗ ਵਿਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਵੱਧ ਤੋਂ ਵੱਧ ਜਣੇਪੇ ਸਰਕਾਰੀ ਹਸਪਤਾਲਾਂ ਵਿਚ ਕਰਵਾਏ ਜਾਣ ਤਾਂ ਜੋ ਮਾਂ ਅਤੇ ਬੱਚਾ ਦੋਵੇਂ ਸੁਰੱਖਿਅਤ ਰਹਿਣ।ਉਨ੍ਹਾਂ ਨੇ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਰਕਾਰੀ ਸਕੀਮਾਂ ਦਾ ਲਾਭ ਹਰ ਗਰਭਵਤੀ ਔਰਤ ਤੱਕ ਪਹੁੰਚਣਾ ਯਕੀਨੀ ਬਣਾਉਣ ਤੇ ਜੋਰਦਿੰਦਿਆ ਕਿਹਾ ਕਿ ‘ਜਨਨੀ ਸੁਰੱਖਿਆ ਯੋਜਨਾ ’ਅਤੇ ‘ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ’ ਵਰਗੀਆਂ ਸਕੀਮਾਂ ਦਾ ਲਾਭ ਹਰ ਲੋੜਵੰਦ ਔਰਤ ਤੱਕ ਜ਼ਰੂਰ ਪਹੁੰਚਾਇਆ ਜਾਵੇ। ਲਿੰਗ ਨਿਰਧਾਰਨ ਟੈਸਟਾਂ ਦੀ ਰੋਕਥਾਮ ਲਈ ਪੀਐੱਨਡੀ ਐਕਟ ਦੀ ਸਖਤੀ ਨਾਲ ਪਾਲਣਾ ਕਰਨਾ ਅਤੇ ਭਰੂਣ ਹੱਤਿਆ ਵਰਗੀਆਂ ਬੁਰਾਈਆਂ ਵਿਰੁੱਧ ਸਖ਼ਤ ਰੁਖ ਅਖਤਿਆਰ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ।ਮੀਟਿੰਗ ਦੌਰਾਨ ਸਿਵਲ ਸਰਜਨ ਨੇ ਕਿਹਾ ਕਿ ਸਾਡਾ ਮੁੱਖ ਟੀਚਾ ਹਰ ਗਰਭਵਤੀ ਔਰਤ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਡਾਕਟਰਾਂ ਨੂੰ ਚਾਹੀਦਾ ਹੈ ਕਿ ਉਹ ਮਰੀਜ਼ਾਂ ਨਾਲ ਨਰਮੀ ਨਾਲ ਪੇਸ਼ ਆਉਣ ਅਤੇ ਅਮਰਜੈਂਸੀ ਸੇਵਾਵਾਂ ਲਈ ਹਮੇਸ਼ਾ ਤਿਆਰ ਰਹਿਣ।ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਵੀ ਮੌਜ਼ੂਦ ਸਨ।