ਸਿਵਲ ਸਰਜਨ ਵੱਲੋਂ ਸੀਐੱਚਸੀ ’ਚ ਚੈਕਿੰਗ
ਸਿਵਲ ਸਰਜਨ ਵੱਲੋਂ ਸੀਐੱਚਸੀ ਮਮਦੋਟ ਵਿਖੇ ਕੀਤੀ ਚੈਕਿੰਗ
Publish Date: Wed, 14 Jan 2026 03:56 PM (IST)
Updated Date: Wed, 14 Jan 2026 03:57 PM (IST)

- ਸਟਾਫ ਦੀਆਂ ਸੁਣੀਆਂ ਮੁਸ਼ਕਿਲਾਂ, ਦਿੱਤਾ ਹੱਲ ਦਾ ਭਰੋਸਾ - ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੀ ਸਿਹਤ ਦਾ ਰੱਖਿਆ ਜਾਵੇ ਖ਼ਾਸ ਖਿਆਲ : ਸਿਵਲ ਸਰਜਨ ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਸਿਹਤ ਵਿਭਾਗ ਵਿਚ ਪੁਖ਼ਤਾ ਸੁਧਾਰ ਕਰਨ ਦੇ ਮੰਤਵ ਨੂੰ ਲੈ ਕੇ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਵੱਲੋਂ ਕਮਿਊਨਿਟੀ ਸਿਹਤ ਕੇਂਦਰ ਮਮਦੋਟ ਵਿਖੇ ਚੈਕਿੰਗ ਕਰ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਮੌਕੇ ਸਟਾਫ ਅਤੇ ਮਰੀਜ਼ਾਂ ਦੀਆਂ ਮੁਸ਼ਕਿਲਾਂ ਨੂੰ ਸੁਣੀਆਂ ਅਤੇ ਪੁਖਤਾ ਹੱਲ ਦਾ ਭਰੋਸਾ ਦਿਵਾਇਆ। ਆਪਣੀ ਮਮਦੋਟ ਫੇਰੀ ਦੌਰਾਨ ਉਨ੍ਹਾਂ ਵੱਲੋਂ ਓਪੀਡੀ, ਜੱਚਾ ਬੱਚਾ ਵਾਰਡ, ਲੈਬ ਸਮੇਤ ਵੱਖ-ਵੱਖ ਵਾਰਡ ਦਾ ਦੌਰਾ ਕੀਤਾ ਗਿਆ। ਇਸ ਦੌਰੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਰਾਜੀਵ ਪਰਾਸ਼ਰ ਸਿਵਲ ਸਰਜਨ ਫਿਰੋਜ਼ਪੁਰ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਪੱਧਰ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਦਿਨ ਰਾਤ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤਹਿਤ ਉਨ੍ਹਾਂ ਵੱਲੋਂ ਲਗਾਤਾਰ ਸਿਹਤ ਕੇਂਦਰ ਦੇ ਦੌਰੇ ਕਰ ਕੇ ਵੱਧ ਤੋਂ ਵੱਧ ਸੁਧਾਰ ਕੀਤਾ ਜਾਵੇਗਾ ਅਤੇ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਗਰਭਵਤੀ ਔਰਤਾਂ ਅਤੇ ਗਰਭ ਵਿਚ ਪਲ ਰਹੇ ਬੱਚੇ ਦੀ ਸਿਹਤ, ਹਾਈ ਰੀਸਕ ਕੇਸਾਂ ਦੀ ਪਛਾਣ ਕਰ ਕੇ ਮੈਡੀਕਲ ਨਿਗਰਾਨੀ ਅਤੇ ਜਣੇਪੇ ਵੇਲੇ ਮਾਂ ਅਤੇ ਬੱਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਕਿਹਾ ਕਿ ਗਰਭਵਤੀ ਔਰਤਾਂ ਦੀ ਸਿਹਤ ਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਜੋ ਜਣੇਪੇ ਦੌਰਾਨ ਹੋਣ ਵਾਲੀ ਮੌਤ ਦਰ ਨੂੰ ਘਟਾਇਆ ਜਾ ਸਕੇ। ਇਸ ਤੋਂ ਇਲਾਵਾ ਹਾਈ-ਰਿਸਕ ਗਰਭ ਅਵਸਥਾ ਵਾਲੇ ਕੇਸਾਂ ਦੀ ਜਲਦੀ ਪਛਾਣ ਕਰਨਾ ਅਤੇ ਉਨ੍ਹਾਂ ਦਾ ਵਿਸ਼ੇਸ਼ ਇਲਾਜ ਯਕੀਨੀ ਬਣਾਇਆ ਜਾਵੇ। ਉਨ੍ਹਾਂ ਵੱਲੋਂ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਵੱਧ ਤੋਂ ਵੱਧ ਜਣੇਪੇ ਸਰਕਾਰੀ ਹਸਪਤਾਲਾਂ ਵਿਚ ਕਰਵਾਏ ਜਾਣ ਤਾਂ ਜੋ ਮਾਂ ਅਤੇ ਬੱਚਾ ਦੋਵੇਂ ਸੁਰੱਖਿਅਤ ਰਹਿਣ। ਇਸ ਮੌਕੇ ਡਾ. ਰੇਖਾ ਭੱਟੀ ਸੀਨੀਅਰ ਮੈਡੀਕਲ ਅਫ਼ਸਰ ਮਮਦੋਟ, ਡਾ. ਜਸਪ੍ਰੀਤ ਮੈਡੀਕਲ ਅਫਸਰ, ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਅਫਸਰ, ਅਮਰਜੀਤ ਬਲਾਕ ਐੱਸਆਈ ਸਮੇਤ ਸਟਾਫ ਹਾਜ਼ਰ ਸਨ।