ਸ਼ਹਿਰ ਤੇ ਛਾਉਣੀ ਦੇ ਮੰਦਰਾਂ ’ਚ ਲੱਗਣਗੀਆਂ ਸੋਲਰ ਲਾਈਟਾਂ
ਸ਼ਹਿਰ ਨਿਵਾਸੀਆਂ ਨੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਕੀਤਾ ਧੰਨਵਾਦ
Publish Date: Mon, 20 Apr 2026 03:43 PM (IST)
Updated Date: Mon, 20 Apr 2026 03:45 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼ਹਿਰ ਦੇ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਵਿਚ ਸੁਧਾਰ ਨੂੰ ਲੈ ਕੇ ਸਥਾਨਕ ਨਿਵਾਸੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ ਵਿਚ ਖੇਤਰ ਵਿਚ ਹੋਏ ਮਹੱਤਵਪੂਰਨ ਸੁਧਾਰਾਂ ਅਤੇ ਵਿਕਾਸ ਪ੍ਰੋਜੈਕਟਾਂ ਦੇ ਸਫਲਤਾਪੂਰਵਕ ਲਾਗੂ ਹੋਣ ਨੂੰ ਲੈ ਕੇ ਅੱਜ ਸ਼ਹਿਰ ਵਾਸੀਆਂ ਨੇ ਇਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕਰਕੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ਤਹਿ ਦਿਲੋਂ ਧੰਨਵਾਦ ਕੀਤਾ। ਡਾ. ਉਮੇਸ਼ ਸ਼ਰਮਾ, ਛਾਉਣੀ ਬਲਾਕ ਪ੍ਰਧਾਨ ਰਜਨੀਸ਼ ਗੋਇਲ, ਰਵੀ ਤਾਇਲ, ਸਤੀਸ਼ ਸ਼ਰਮਾ, ਹਰੀਸ਼ ਗੋਇਲ, ਰੂਪ ਨਾਰਾਇਣ, ਰਾਹੁਲ ਛਾਰੀਆ, ਸੰਜੇ ਗੁਪਤਾ, ਐਡਵੋਕੇਟ ਰਜਨੀਸ਼ ਸੋਢੀ, ਸ਼ਹਿਰੀ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ, ਬਲਬੀਰ ਬਾਠ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਿੰਕੂ ਗਰੋਵਰ, ਕੌਂਸਲਰ ਰਿਸ਼ੀ ਸ਼ਰਮਾ, ਕੌਂਸਲਰ ਪਰਮਿੰਦਰ ਹਾਂਡਾ, ਪਿੰਟੂ ਕਪਾਈ, ਨੰਬਰਦਾਰ ਸਰਵਣ ਸਿੰਘ ਨੇ ਦੱਸਿਆ ਕਿ ਲੱਖਾਂ ਦੀ ਲਾਗਤ ਨਾਲ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਜਾਣ ਵਾਲੇ ਰਸਤੇ ਅਤੇ ਪਾਰਕਿੰਗ ਵਿਚ ਸੋਲਰ ਲਾਈਟਾਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਅਤੇ ਸੰਸਦ ਮੈਂਬਰ ਦੇ ਆਪਸੀ ਤਾਲਮੇਲ ਅਤੇ ਯਤਨਾਂ ਸਦਕਾ ਸ਼ਹਿਰ ਦੇ ਕਈ ਰੁਕੇ ਹੋਏ ਪ੍ਰੋਜੈਕਟਾਂ ਨੂੰ ਗਤੀ ਮਿਲੀ ਹੈ। ਸ਼ਹਿਰ ਨਿਵਾਸੀਆਂ ਨੇ ਵਿਸ਼ੇਸ਼ ਤੌਰ ’ਤੇ ਗਲੀਆਂ ਵਿਚ ਨਵੀਆਂ ਲਾਈਟਾਂ ਲਗਵਾਉਣ ਅਤੇ ਸੁਰੱਖਿਆ ਵਿਵਸਥਾ ਪੁਖਤਾ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਪਿੰਕੀ ਅਤੇ ਸੰਸਦ ਮੈਂਬਰ ਘੁਬਾਇਆ ਨੇ ਜਨਤਾ ਨੂੰ ਭਰੋਸਾ ਦਿਵਾਇਆ ਕਿ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਸ਼ਹਿਰ ਦੀ ਸੇਵਾ ਅਤੇ ਵਿਕਾਸ ਲਈ ਹਮੇਸ਼ਾ ਤੱਤਪਰ ਰਹਿਣਗੇ। ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਇਸ ਦੌਰਾਨ ਕਿਹਾ ਕਿ ਕੇਂਦਰ ਅਤੇ ਰਾਜ ਦੀਆਂ ਭਲਾਈ ਸਕੀਮਾਂ ਦਾ ਲਾਭ ਸਿੱਧਾ ਜਨਤਾ ਤੱਕ ਪਹੁੰਚਾਉਣਾ ਉਨ੍ਹਾਂ ਦੀ ਤਰਜੀਹ ਹੈ। ਉੱਥੇ ਹੀ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਸ਼ਹਿਰ ਦਾ ਹਰ ਇਕ ਵਾਰਡ ਉਨ੍ਹਾਂ ਦੇ ਪਰਿਵਾਰ ਵਾਂਗ ਹੈ ਅਤੇ ਉਹ ਹਰ ਸਮੱਸਿਆ ਦੇ ਹੱਲ ਲਈ ਅੱਧੀ ਰਾਤ ਨੂੰ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਚਾਹੇ ਕੋਈ ਵੀ ਹੋਵੇ ਪਰ ਫਿਰੋਜ਼ਪੁਰ ਸ਼ਹਿਰੀ ਹਲਕੇ ਵਿਚ ਵਿਕਾਸ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ।