- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਫਿਰੋਜ਼ਪੁਰ ਫੀਡਰ ਨਹਿਰ ਦੇ ਨਵੀਨੀਕਰਨ ਦਾ ਉਦਘਾਟਨ

ਪਰਮਿੰਦਰ ਸਿੰਘ ਥਿੰਦ, ਕੇਵਲ ਅਹੂਜਾ,
ਪੰਜਾਬੀ ਜਾਗਰਣ , ਫਿਰੋਜ਼ਪੁਰ : ਵੱਡੇ ਲੀਡਰਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਦੇ ਚੱਕਰ ’ਚ 74 ਸਾਲ ਤੱਕ ਪਿਛਲੀਆਂ ਸਰਕਾਰਾਂ ਨੇ ਨਹਿਰਾਂ ’ਚ ਮੋਘੇ ਹੀ ਨਹੀਂ ਬਣਾਏ , ਜਿਹੜੀਆਂ ਨਹਿਰਾਂ ਵੱਡੇ ਲੀਡਰਾਂ ਦੇ ਖੇਤਾਂ ਵਿਚ ਜਾ ਕੇ ਮੁੱਕ ਜਾਂਦੀਆਂ ਸਨ, ਉਨ੍ਹਾਂ ਦਾ ਪਾਣੀ ਹੁਣ ਟੇਲਾਂ ਤੱਕ ਪਹੁੰਚੇਗਾ। ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਲਵਾ ਖੇਤਰ ਦੀ ਜੀਵਨ ਰੇਖਾ ਮੰਨੀ ਜਾਣ ਵਾਲੀ ਫਿਰੋਜ਼ਪੁਰ ਫੀਡਰ ਨਹਿਰ ਦੇ ਨਵੀਨੀਕਰਨ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ । ਨਹਿਰ ਦੇ ਨਵੀਨੀਕਰਨ ਨੂੰ ਕਿਸਾਨਾਂ ਅਤੇ ਸਰਹੱਦੀ ਇਲਾਕਿਆਂ ਲਈ ਇਤਿਹਾਸਕ ਤੋਹਫਾ ਕਰਾਰ ਦਿੰਦਿਆਂ ਉਨ੍ਹਾਂ ਆਖਿਆ ਕਿ ਇਸ ਪ੍ਰਾਜੈਕਟ ਨਾਲ ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਸਿੰਚਾਈ ਪ੍ਰਣਾਲੀ ਮਜ਼ਬੂਤ ਹੋਵੇਗੀ ਅਤੇ ਖੇਤੀਬਾੜੀ ਨੂੰ ਵੱਡਾ ਲਾਭ ਮਿਲੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ 180 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਗਏ ਇਸ ਪ੍ਰਾਜੈਕਟ ਰਾਹੀਂ ਨਹਿਰ ਦੀ ਸਮਰੱਥਾ ਵਿੱਚ 2,681 ਕਿਊਸਿਕ ਦਾ ਵਾਧਾ ਕੀਤਾ ਗਿਆ ਹੈ। ਪਹਿਲਾਂ ਨਹਿਰ ਦੀ ਸਮਰੱਥਾ 11,192 ਕਿਊਸਿਕ ਸੀ, ਜੋ ਹੁਣ ਵਧ ਕੇ 13,873 ਕਿਊਸਿਕ ਹੋ ਗਈ ਹੈ। ਉਨ੍ਹਾਂ ਕਿਹਾ ਕਿ ਨਹਿਰ ਦੀ ਡੂੰਘਾਈ 18 ਫੁੱਟ ਤੋਂ ਵਧਾ ਕੇ 21 ਫੁੱਟ ਅਤੇ ਚੌੜਾਈ 163 ਫੁੱਟ ਤੋਂ ਵਧਾ ਕੇ 180 ਫੁੱਟ ਕੀਤੀ ਗਈ ਹੈ, ਜਿਸ ਨਾਲ ਪਾਣੀ ਦੀ ਸਪਲਾਈ ਹੋਰ ਪ੍ਰਭਾਵਸ਼ਾਲੀ ਬਣੇਗੀ। ਮਾਨ ਨੇ ਕਿਹਾ ਕਿ ਪਿਛਲੇ 74 ਸਾਲਾਂ ਦੌਰਾਨ ਕਿਸੇ ਵੀ ਸਰਕਾਰ ਨੇ ਨਹਿਰਾਂ ਦੀ ਸਮਰੱਥਾ ਵਧਾਉਣ ਜਾਂ ਕੰਕਰੀਟ ਲਾਈਨਿੰਗ ਵੱਲ ਧਿਆਨ ਨਹੀਂ ਦਿੱਤਾ, ਜਦਕਿ ਮੌਜੂਦਾ ਸਰਕਾਰ ਨੇ ਜ਼ਮੀਨੀ ਪੱਧਰ ’ਤੇ ਵੱਡੇ ਸੁਧਾਰ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਜਦੋਂ ‘ਆਪ’ ਸਰਕਾਰ ਸੱਤਾ ਵਿੱਚ ਆਈ ਸੀ ਤਾਂ ਸਿਰਫ਼ 21 ਫੀਸਦੀ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਦਾ ਸੀ, ਜੋ ਹੁਣ ਵਧ ਕੇ 68 ਫੀਸਦੀ ਹੋ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਨੂੰ 85 ਫੀਸਦੀ ਤੱਕ ਲਿਜਾਣ ਦਾ ਟੀਚਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਹਿਰ ਦੇ ਨਵੀਨੀਕਰਨ ਨਾਲ ਕਰੀਬ 6.45 ਲੱਖ ਹੈਕਟੇਅਰ ਖੇਤੀਬਾੜੀ ਰਕਬੇ ਨੂੰ ਸਿੰਚਾਈ ਦਾ ਲਾਭ ਮਿਲੇਗਾ ਅਤੇ ਮਾਲਵਾ ਖੇਤਰ ਦੇ 14 ਬਲਾਕਾਂ ਦੇ ਕਿਸਾਨਾਂ ਨੂੰ ਸਿੱਧਾ ਫਾਇਦਾ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ 35 ਦਿਨਾਂ ਦੇ ਅੰਦਰ 15 ਕਿਲੋਮੀਟਰ ਨਹਿਰ ਦੀ ਲਾਈਨਿੰਗ ਦਾ ਕੰਮ ਜੰਗੀ ਪੱਧਰ ’ਤੇ ਪੂਰਾ ਕੀਤਾ ਗਿਆ, ਜਿਸ ਲਈ 126 ਸਰਕਾਰੀ ਕਰਮਚਾਰੀ ਅਤੇ ਲੱਗੱਭਗ 4,000 ਮਜ਼ਦੂਰ ਤਾਇਨਾਤ ਰਹੇ। ਸਰਹੱਦੀ ਖੇਤਰਾਂ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਫਾਜ਼ਿਲਕਾ ਅਤੇ ਜਲਾਲਾਬਾਦ ਵਰਗੇ ਇਲਾਕਿਆਂ ਨੂੰ ਹੁਣ ਫਿਰੋਜ਼ਪੁਰ ਫੀਡਰ ਰਾਹੀਂ ਸਾਫ਼ ਪਾਣੀ ਮਿਲੇਗਾ।
ਉਨ੍ਹਾਂ ਦੱਸਿਆ ਕਿ ਭੂਜਲ ਪੱਧਰ ਸੁਧਾਰਣ ਲਈ ਵਾਟਰ ਰੀਚਾਰਜ ਸਿਸਟਮ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਪਿੰਡਾਂ ਨੂੰ ਦੂਸ਼ਿਤ ਪਾਣੀ ਦੀ ਸਮੱਸਿਆ ਤੋਂ ਰਾਹਤ ਮਿਲੇਗੀ।ਪਾਣੀ ਦੇ ਮੁੱਦੇ ’ਤੇ ਆਪਣਾ ਸਟੈਂਡ ਦੁਹਰਾਉਂਦਿਆਂ ਮਾਨ ਨੇ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਅਤੇ ਸੂਬੇ ਦੇ ਹਿੱਤ ਸਭ ਤੋਂ ਉੱਪਰ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਨੇ ਹੋਰ ਸੂਬਿਆਂ ਨਾਲ ਪਾਣੀ ਦੇ ਸਮਝੌਤੇ ਕਰਕੇ ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ।ਇਸ ਮੌਕੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਮੌਜੂਦ ਸਨ।
ਇਸ ਮੌਕੇ ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ, ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ, ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਆ, ਵਿਧਾਇਕ ਗੁਰੂਹਰਸਾਏ ਫੌਜਾ ਸਿੰਘ ਸਰਾਰੀ, ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ਼ ਗੋਲਡੀ, ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋ, ਵਿਧਾਇਕ ਮੁਕਤਸਰ ਜਗਦੀਪ ਸਿੰਘ ਕਾਕਾ ਬਰਾੜ, ਵਿਧਾਇਕ ਜੈਤੋ ਅਮੋਲਕ ਸਿੰਘ, ਚੇਅਰਮੈਨ ਪੰਜਾਬ ਐਗਰੋ ਸ਼ਮਿੰਦਰ ਸਿੰਘ ਖਿੰਡਾ, ਡਿਪਟੀ ਕਮਿਸ਼ਨਰ ਦੀਪਸਿਖ਼ਾ ਸ਼ਰਮਾ, ਡੀਆਈਜੀ ਫਿਰੋਜ਼ਪੁਰ ਰੇਂਜ ਸਨੇਹ ਦੀਪ ਸ਼ਰਮਾ, ਐਸਐਸਪੀ ਭੁਪਿੰਦਰ ਸਿੰਘ ਸਿੱਧੂ, ਚੇਅਰਮੈਨ ਬੀ. ਸੀ. ਕਮਿਸ਼ਨ ਪੰਜਾਬ ਡਾ. ਮਲਕੀਤ ਸਿੰਘ ਥਿੰਦ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕ੍ਰਿਸ਼ਨਾ ਪਾਲ ਰਾਜਪੂਤ, ਵਧੀਕ ਡਿਪਟੀ ਕਮਿਸ਼ਨਰ ਜਨਰਲ ਅਮਨਦੀਪ ਕੌਰ, ਚੇਅਰਮੈਨ ਪਲੈਨਿੰਗ ਬੋਰਡ ਹਰਜਿੰਦਰ ਸਿੰਘ ਘਾਗਾ, ਸਟੇਟ ਸੈਕਟਰੀ ਬੀਸੀ ਵਿੰਗ ਨਿਸ਼ਾਨ ਸਿੰਘ ਥਿੰਦ, ਜ਼ਿਲ੍ਹਾ ਪਰਿਸ਼ਦ ਮੈਂਬਰ ਸ਼ੰਕਰ ਕਟਾਰੀਆ, ਚੇਅਰਮੈਨ ਮਾਰਕੀਟ ਕਮੇਟੀ ਮਖੂ ਕੈਪਟਨ ਨਛੱਤਰ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਮੱਲਾਵਾਲਾ ਸੁਖਦੇਵ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਫਿਰੋਜ਼ਪੁਰ ਸ਼ਹਿਰ ਬਲਰਾਜ ਸਿੰਘ ਕਟੋਰਾ, ਸਟੇਟ ਸੈਕਟਰੀ ਵੀ. ਐਸ.ਐਸ. ਸੁਖਰਾਜ ਗੋਰਾ ,ਨਰਿੰਦਰ ਕਟਾਰੀਆ ਪ੍ਰਧਾਨ ਨਗਰ ਪੰਚਾਇਤ ਮਖੂ, ਵਰਿੰਦਰ ਠੁਕਰਾਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਖੂ, ਰਿਸ਼ੂ ਖੁਰਾਣਾ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ ਮਖੂ, ਪ੍ਰਦੀਪ ਕੱਕੜ, ਮਨਮੋਹਨ ਗਰੋਵਰ, ਬਲਵਿੰਦਰ ਠੁਕਰਾਲ, ਰਜੇਸ਼ ਗਾਂਧੀ ਮਿੰਟਾ, ਅਸ਼ੋਕ ਠੁਕਰਾਲ, ਬਿੱਟੂ ਨਾਰੰਗ, ਨਰੇਸ਼ ਮੋਂਗਾ, ਅਜੇ ਕੰਧਾਰੀ, ਵੀਨੂੰ ਸ਼ਾਹ ਐੱਮ ਸੀ, ਮਨਜਿੰਦਰ ਸਿੰਘ ਐੱਮ ਸੀ, ਦਵਿੰਦਰ ਸਿੰਘ ਬੱਬੂ ਐੱਮ ਸੀ, ਸੰਦੀਪ ਠੁਕਰਾਲ ਬਲਾਕ ਪ੍ਰਧਾਨ, ਯੂਥ ਆਗੂ ਪਵਨ ਕਟਾਰੀਆ ਆਦਿ ਹਾਜ਼ਰ ਸਨ।