ਪਰਾਲੀ ਸਾੜੇ ਬਿਨਾਂ ਕਿਸਾਨ ਵੱਲੋਂ ਬੀਜੀ ਕਣਕ ਦਾ ਮੁੱਖ ਖੇਤੀਬਾੜੀ ਅਫਸਰ ਵੱਲੋਂ ਦੌਰਾ
ਬਿਨ੍ਹਾ ਪਰਾਲੀ ਨੂੰ ਅੱਗ ਲਗਾਏ ਕਿਸਾਨ ਵੱਲੋਂ ਬੀਜੀ ਗਈ ਕਣਕ ਦਾ ਮੁੱਖ ਖੇਤੀਬਾੜੀ ਅਫਸਰ ਫਿਰੋਜ਼ਪੁਰ ਨੇ ਕੀਤਾ ਦੌਰਾ
Publish Date: Wed, 14 Jan 2026 03:51 PM (IST)
Updated Date: Wed, 14 Jan 2026 03:54 PM (IST)

ਮਮਦੋਟ : ਪਿਛਲੇ ਕਾਫ਼ੀ ਸਾਲਾਂ ਤੋਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਬਿਨ੍ਹਾਂ ਪਰਾਲੀ ਸਾੜੇ ਕਣਕ ਬੀਜਣ ਵੱਲ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਖੇਤੀਬਾੜੀ ਕਰਮਚਾਰੀਆਂ ਤੇ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ’ਤੇ ਕਿਸਾਨਾਂ ਨੂੰ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਇਸੇ ਲੜੀ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਫਿਰੋਜਪੁਰ ਡਾ. ਬਲਵਿੰਦਰ ਸਿੰਘ ਵੱਲੋਂ ਪਿੰਡ ਸਦਰਦੀਨ ਵਾਲਾ ਦੇ ਕਿਸਾਨ ਗੁਰਪ੍ਰੀਤ ਸਿੰਘ ਭੁੱਲਰ ਅਤੇ ਅੰਗਰੇਜ਼ ਸਿੰਘ ਭੁੱਲਰ ਦੁਆਰਾ ਬਿਨਾਂ ਪਰਾਲੀ ਸਾੜੇ ਬੀਜੀ ਗਈ ਕਣਕ ਦਾ ਦੌਰਾ ਕੀਤਾ ਗਿਆ। ਇਸ ਮੌਕੇ ਇਨ੍ਹਾਂ ਦੋਵਾਂ ਕਿਸਾਨਾਂ ਨੇ ਦੱਸਿਆ ਅਸੀਂ ਪਿਛਲੇ ਤਿੰਨ ਸਾਲ ਤੋਂ ਐੱਸਐੱਮਐੱਸ ਮਸ਼ੀਨ ਨਾਲ ਝੋਨਾ ਵੱਡ ਕੇ ਅਤੇ ਉਸ ਤੋਂ ਬਾਅਦ ਮਲਚਰ ਮਾਰ ਕੇ ਤੇ ਫਿਰ ਐੱਮਬੀ ਪਲਾਓ ਨਾਲ ਪਰਾਲੀ ਨੂੰ ਜ਼ਮੀਨ ਵਿਚ ਰੱਲਾ ਕੇ ਕਣਕ ਬੀਜਦੇ ਹਾਂ। ਇਸ ਤਰੀਕੇ ਨਾਲ ਬੀਜੀ ਹੋਈ ਕਣਕ ਵਿੱਚ ਨਾ ਤਾਂ ਨਦੀਨ ਉੱਗਦੇ ਹਨ ਅਤੇ ਨਾ ਹੀ ਕੋਈ ਘਾਤਕ ਬਿਮਾਰੀ ਜਾ ਨਾ ਹੀ ਗੁਲਾਬੀ ਸੁੰਡੀ ਕਣਕ ਨੂੰ ਲੱਗਦੀ ਹੈ। ਕਣਕ ਦਾ ਝਾੜ ਵੀ ਆਮ ਬੀਜੀ ਕਣਕ ਦੇ ਬਰਾਬਰ ਹੀ ਹੁੰਦਾ ਹੈ। ਕਣਕ ਬੀਜਣ ਲਈ ਖਰਚਾ ਥੋੜ੍ਹਾ ਜ਼ਰੂਰ ਵੱਧ ਆਉਂਦਾ ਹੈ, ਪਰ ਇਸ ਤਰੀਕੇ ਨਾਲ ਬੀਜੀ ਕਣਕ ਵਿਚ ਯੂਰੀਆ ਦੀ ਖੱਪਤ ਵੀ ਘਟਦੀ ਹੈ ਅਤੇ ਨਾਲ ਸਰਕਾਰ ਦੇ ਨਿਯਮਾਂ ਦੀ ਵੀ ਪਾਲਣਾ ਹੋ ਜਾਂਦੀ ਹੈ ਅਤੇ ਵਾਤਾਵਰਣ ਨੂੰ ਵੀ ਨੁਕਸਾਨ ਨਹੀਂ ਪਹੁੰਚਦਾ। ਉਨ੍ਹਾਂ ਨੇ ਹੋਰ ਕਿਸਾਨਾਂ ਨੂੰ ਵੀ ਇਸ ਤਕਨੀਕ ਨਾਲ ਕਣਕ ਬੀਜਣ ਦੀ ਸਲਾਹ ਦਿੱਤੀ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਬਲਵਿੰਦਰ ਸਿੰਘ ਵੱਲੋਂ ਕਿਸਾਨਾਂ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਹੋਰ ਕਿਸਾਨਾਂ ਨੂੰ ਇਹ ਤਕਨੀਕ ਅਪਨਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਬੀਟੀਐੱਮ ਅਸ਼ਵ ਬਜਾਜ, ਖੇਤੀਬਾੜੀ ਵਿਕਾਸ ਅਧਿਕਾਰੀ ਅਮਿਤ ਬਜਾਜ, ਗੁਰਮੀਤ ਸਿੰਘ ਏਟੀਐੱਮ ਆਦਿ ਹਾਜ਼ਰ ਸਨ।