ਹਜ਼ਾਰਾ ਸਿੰਘ ਵਾਲਾ ਵਿਖੇ ਮਨੁੱਖਾਂ ’ਚ ‘ਲੈਪਟੋਸਪਾਈਰੋਸਿਸ’ ਦੇ ਕੇਸ ਮਿਲਣ ’ਤੇ ਪਸ਼ੂਆ ਦਾ ਚੈੱਕਅੱਪ
ਪਿੰਡ ਹਜ਼ਾਰਾ ਸਿੰਘ ਵਾਲਾ ਵਿੱਚ ਮਨੁੱਖਾਂ ਵਿਚ ਲੈਪਟੋਸਪਾਈਰੋਸਿਸ ਬਿਮਾਰੀ ਦੇ ਕੇਸ ਮਿਲਣ ਤੇ ਪਸ਼ੂਆ ਦਾ ਕੀਤਾ ਚੈੱਕਅੱਪ
Publish Date: Fri, 06 Mar 2026 05:45 PM (IST)
Updated Date: Fri, 06 Mar 2026 05:48 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਪ੍ਰਮੁੱਖ ਸਕੱਤਰ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਰਾਹੁਲ ਭੰਡਾਰੀ ਅਤੇ ਡਾਇਰੈਕਟਰ ਦੇ ਹੁਕਮਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਵੱਲੋਂ ਪਿੰਡ ਹਜ਼ਾਰਾ ਸਿੰਘ ਵਾਲਾ ਵਿਚ ਮਨੁੱਖਾਂ ਵਿਚ ਲੈਪਟੋਸਪਾਈਰੋਸਿਸ ਬਿਮਾਰੀ ਦੇ ਕੇਸ ਰਿਪੋਰਟ ਹੋਣ ਦੀ ਸੂਚਨਾ ਮਿਲਣ ਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਫਿਰੋਜ਼ਪੁਰ ਡਾ. ਲਖਵਿੰਦਰ ਸਿੰਘ ਵੱਲੋਂ ਵੈਟਰਨਰੀ ਡਾਕਟਰਾਂ ਦੀ ਟੀਮ ਨੂੰ ਫੌਰੀ ਤੌਰ ’ਤੇ ਮੌਕੇ ਤੇ ਪਿੰਡ ਵਿਚ ਪਹੁੰਚ ਕੇ ਪਸ਼ੂਆਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ। ਡਿਪਟੀ ਡਾਇਰੈਕਟਰ ਵੱਲੋਂ ਖੁਦ ਵੀ ਸੰਯੁਕਤ ਡਾਇਰੈਕਟਰ ਡਾ. ਕੰਵਰਅਨੂਪ ਕਲੇਰ, ਸੀਨੀਅਰ ਵੈਟਰਨਰੀ ਅਫ਼ਸਰ ਡਾ. ਵਿਨੋਦ ਕੰਬੋਜ਼ ਅਤੇ ਡਾ. ਗੁਰਵਿੰਦਰ ਸਿੰਘ ਨਾਲ ਮੌਕੇ ’ਤੇ ਪਹੁੰਚ ਕੇ ਘਰ ਘਰ ਜਾ ਕੇ ਪਸ਼ੂ ਪਾਲਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ। ਉਨ੍ਹਾਂ ਵੱਲੋਂ ਪਿੰਡ ਵਿਚ ਬਿਮਾਰੀ ਨਾਲ ਮ੍ਰਿਤਕ ਲੜਕੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਉਨ੍ਹਾਂ ਦੇ ਘਰ ਵਿਚ ਰੱਖੇ ਪਸ਼ੂਆਂ ਦੀ ਸਿਹਤ ਦਾ ਜਾਇਜ਼ਾ ਲਿਆ ਅਤੇ ਪਸ਼ੂਆਂ ਦਾ ਲੋੜੀਂਦਾ ਇਲਾਜ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ । ਪਿੰਡ ਵਿਚ ਪਸ਼ੂਆਂ ’ਚ ਲੈਪਟੋਸਪਾਈਰੋਸਿਸ ਬਿਮਾਰੀ ਦੇ ਕੋਈ ਲੱਛਣ ਹੁਣ ਤੱਕ ਨਹੀ ਪਾਏ ਗਏ। ਰੀਜ਼ਨਲ ਡਿਸੀਜ਼ ਡਾਇਗਨੋਸਟਿਕ ਲੈਬੋਰਟਰੀ ਜਲੰਧਰ ਤੋਂ ਸਪੈਸ਼ਲ ਤੌਰ ਤੇ ਸਾਇੰਟਿਸਟਾਂ ਦੀ ਟੀਮ ਵੱਲੋਂ ਪਹੁੰਚ ਕੇ ਪਸ਼ੂਆਂ ਦੇ ਖੂਨ ਦੇ ਸੈਂਪਲ ਲਏ ਗਏ ਅਤੇ ਜਾਂਚ ਲਈ ਜਲੰਧਰ ਲੈਬੋਰੇਟ੍ਰੀ ਵਿਚ ਭੇਜੇ ਗਏ । ਡਿਪਟੀ ਡਾਇਰੈਕਟਰ ਦੇ ਹੁਕਮਾਂ ਅਨੁਸਾਰ ਉਸੇ ਦਿਨ ਤੋਂ ਹੀ ਪਿੰਡ ਵਿੱਚ ਡਾਕਟਰਾਂ ਦੀ ਟੀਮਾਂ ਰੋਟੇਸ਼ਨਲ ਤੌਰ ’ਤੇ 24 ਗੁਣਾ 7 ਪਸ਼ੂਆਂ ਨੂੰ ਮੁੱਢਲੀ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੀਆਂ ਹਨ ਅਤੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਨੂੰ ਬਿਮਾਰੀ ਤੋਂ ਬਚਾਉਣ ਲਈ ਢੰਗ ਤਰੀਕਿਆਂ ਬਾਰੇ ਕੈਂਪ ਵਿੱਚ ਜਾਗਰੂਕ ਕਰ ਰਹੀਆਂ ਹਨ । ਪਸ਼ੂ ਪਾਲਣ ਵਿਭਾਗ ਫਿਰੋਜ਼ਪੁਰ ਵੱਲੋਂ ਪਸ਼ੂ ਪਾਲਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਪਸ਼ੂਆਂ ਦੇ ਸ਼ੈੱਡ ਨੂੰ ਚੰਗੀ ਤਰ੍ਹਾਂ ਸਾਫ਼ ਰੱਖਿਆ ਜਾਏ, ਪਸ਼ੂਆਂ ਨੂੰ ਘਰ ਵਿਚ ਹੀ ਰੱਖਿਆ ਜਾਏ ਅਤੇ ਛੱਪੜਾਂ ਆਦਿ ਦਾ ਖੜਾ ਪਾਣੀ ਪਸ਼ੂਆਂ ਨੂੰ ਨਾ ਪਿਲਾਇਆ ਜਾਏ ਅਤੇ ਕਿਸੇ ਵੀ ਕਿਸਮ ਦੀ ਜ਼ਰੂਰਤ ਪੈਣ ਤੇ ਪਿੰਡ ਵਿਚ ਲੱਗੇ ਕੈਂਪ ਵਿਚ ਪਹੁੰਚ ਕੇ ਰਾਬਤਾ ਕਾਇਮ ਕੀਤਾ ਜਾਵੇ ।ਇਸ ਮੌਕੇ ਡਾ. ਨੀਰਜ ਗਰੋਵਰ, ਡਾ. ਅਸ਼ੀਸ਼ ਬਾਂਗੜ, ਡਾ. ਮਨਦੀਪ ਸਿੰਘ, ਡਾ. ਕੁਸ਼ਕਰਨ, ਡਾ. ਹਰਦੇਵ, ਵੀਆਈ ਅਰਵਿੰਦਰ ਸਿੰਘ, ਲਵਪ੍ਰੀਤ ਹਾਂਡਾ, ਲਵਪ੍ਰੀਤ ਸਿੰਘ ਕੁਲਵਿੰਦਰ ਸਿੰਘ ਆਦਿ ਹਾਜ਼ਰ ।