ਵਿਵੇਕਾਨੰਦ ਵਰਲਡ ਸਕੂਲ ਦੇ ਚੇਅਰਮੈਨ ਰਾਸ਼ਟਰੀ ਏਕਤਾ ’ਚ ਯੋਗਦਾਨ ਲਈ ਸਨਮਾਨਿਤ
ਵਿਵੇਕਾਨੰਦ ਵਰਲਡ ਸਕੂਲ ਦੇ ਚੇਅਰਮੈਨ ਨੂੰ ਰਾਸ਼ਟਰ ਕਥਾ ਕੈਂਪ ’ਚ ਰਾਸ਼ਟਰੀ ਏਕਤਾ ’ਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ
Publish Date: Sun, 04 Jan 2026 03:57 PM (IST)
Updated Date: Sun, 04 Jan 2026 03:59 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਵਿਵੇਕਾਨੰਦ ਵਰਲਡ ਸਕੂਲ ਫਿਰੋਜ਼ਪੁਰ ਦੇ ਚੇਅਰਮੈਨ ਡਾ. ਗੌਰਵ ਸਾਗਰ ਭਾਸਕਰ ਨੂੰ ਗੁਜਰਾਤ ਦੇ ਰਾਜਕੋਟ ਤੋਂ ਲਗਭਗ 140 ਕਿਲੋਮੀਟਰ ਦੂਰ ਸਥਿਤ ਪ੍ਰਾਂਸਲਾ ਪਿੰਡ ਵਿਚ ਆਯੋਜਿਤ 26ਵੇਂ ਰਾਸ਼ਟਰ ਕਥਾ ਕੈਂਪ ਨੈਸ਼ਨਲ ਇੰਟੀਗ੍ਰੇਸ਼ਨ ਵਿਚ ਸਨਮਾਨਿਤ ਕੀਤਾ ਗਿਆ। 4 ਜਨਵਰੀ 2026 ਨੂੰ ਸੰਪੰਨ ਹੋਏ ਇਸ ਦਸ ਦਿਨਾਂ ਦੇ ਰਾਸ਼ਟਰੀ ਕੈਂਪ ਨੇ ਏਕਤਾ, ਸੰਸਕ੍ਰਿਤਿਕ ਗੌਰਵ ਅਤੇ ਨੌਜਵਾਨਾਂ ਦੁਆਰਾ ਰਾਸ਼ਟਰ-ਨਿਰਮਾਣ ਦਾ ਮਜ਼ਬੂਤ ਸੰਦੇਸ਼ ਦਿੱਤਾ। ਕੈਂਪ ਦੇ ਅੰਤ ਤੋਂ ਇਕ ਦਿਨ ਪਹਿਲਾਂ ਡਾ. ਭਾਸਕਰ ਨੂੰ ਭਾਰਤ ਦੀ ਸੰਸਕ੍ਰਿਤਕ ਪ੍ਰੰਪਰਾ ਅਨੁਸਾਰ ਗੁਜਰਾਤੀ ਪੱਗੜੀ ਅਤੇ ਸ਼ਾਲ ਭੇਂਟ ਕਰਕੇ ਸਾਬਕਾ ਡੀਆਈਜੀ (ਐੱਨਡੀਆਰਐੱਫ) ਰਾਕੇਸ਼ ਕੁਮਾਰ ਵੱਲੋਂ ਸਨਮਾਨਿਤ ਕੀਤਾ ਗਿਆ। ਸਵਾਮੀ ਧਰਮਬੰਧੂ ਮੁੱਖੀ ਸ੍ਰੀ ਵੇਦਿਕ ਮਿਸ਼ਨ ਟਰੱਸਟ ਦੀ ਪ੍ਰੇਰਕ ਦ੍ਰਿਸ਼ਟੀ ਹੇਠ 25 ਦਸੰਬਰ 2025 ਤੋਂ 4 ਜਨਵਰੀ 2026 ਤੱਕ ਆਯੋਜਿਤ ਇਸ 26ਵੇਂ ਰਾਸ਼ਟਰ ਕਥਾ ਕੈਂਪ ਵਿਚ ਦੇਸ਼ ਦੇ ਹਰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ 20,000 ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ। ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਗੁਜਰਾਤ ਤੱਕ ਸਭ ਨੇ ਇੱਕਠੇ ਰਹਿ ਕੇ ਅਨੁਸ਼ਾਸਨ, ਦੇਸ਼-ਭਗਤੀ ਅਤੇ ਭਾਰਤੀ ਸੰਸਕ੍ਰਿਤੀ ਦੇ ਸਦਾ-ਕਾਲੀਨ ਮੁੱਲ ਸਿੱਖੇ। ਕੈਂਪ ਵਿਚ ਮੁਫ਼ਤ ਭੋਜਨ, ਚੰਗੀਆਂ ਚਿਕਿਤਸਾ ਸੁਵਿਧਾਵਾਂ ਅਤੇ ਲਾਜਿਸਟਿਕ ਸਹਾਇਤਾ ਦੇ ਪ੍ਰਬੰਧ ਨਾਲ ਭਾਗੀਦਾਰਾਂ ਨੂੰ ਪੂਰੀ ਤਰ੍ਹਾਂ ਚਰਿਤਰ-ਨਿਰਮਾਣ ਅਤੇ ਰਾਸ਼ਟਰੀ ਏਕਤਾ ’ਤੇ ਕੇਂਦਰਿਤ ਰਹਿਣ ਦਾ ਮੌਕਾ ਮਿਲਿਆ। ਗੁਜਰਾਤ ਦੇ ਇਸ ਪਿੰਡ ਵਿਚ ਹਜ਼ਾਰਾਂ ਨੌਜਵਾਨਾਂ ਜਿਨ੍ਹਾਂ ਵਿਚ ਵਿਵੇਕਾਨੰਦ ਵਰਲਡ ਸਕੂਲ ਦੇ ਦਰਸ਼ਨ ਸਿੰਘ ਸਿੱਧੂ, ਖੇਡ ਕੋਆਰਡੀਨੇਟਰ ਵਿਵੇਕਾਨੰਦ ਵਰਲਡ ਸਕੂਲ ਦੀ ਅਗਵਾਈ ਹੇਠ ਇਕ ਦਰਜਨ ਤੋਂ ਵੱਧ ਵਿਦਿਆਰਥੀ ਵੀ ਸ਼ਾਮਲ ਸਨ ਦਾ ਇਕੱਠ ‘‘ਏਕ ਭਾਰਤ, ਸ੍ਰੇਸ਼ਠ ਭਾਰਤ’’ ਦੀ ਜੀਵੰਤ ਤਸਵੀਰ ਵਾਂਗ ਨਜ਼ਰ ਆਇਆ, ਜਿਸ ਨੇ ਰਾਸ਼ਟਰ ਦੀ ਸਾਂਝੀ ਤਾਕਤ ਅਤੇ ਸਾਂਝੀ ਕਿਸਮਤ ’ਤੇ ਵਿਸ਼ਵਾਸ ਮਜ਼ਬੂਤ ਕੀਤਾ।