ਐੱਨਡੀਏ ਸ਼ਾਸਨ ਦੌਰਾਨ ਪੰਜਾਬ ’ਚ ਰੇਲਵੇ ਦੇ ਹੋ ਰਹੇ ਲਗਾਤਾਰ ਵੱਡੇ ਸੁਧਾਰ : ਰਾਣਾ ਸੋਢੀ
ਕੇਂਦਰ ਦਾ ਯੂਥ ਅਤੇ ਖੇਡ ਆਧਾਰਤ ਬਜਟ ਪੰਜਾਬ ਵਿਚ ਲਿਆਏਗਾ ਕਈ ਸੁਧਾਰ
Publish Date: Sat, 07 Feb 2026 04:33 PM (IST)
Updated Date: Sat, 07 Feb 2026 04:35 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਕੇਂਦਰੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਆਮ ਬਜਟ ਪੰਜਾਬ ਦੀਆਂ ਉਮੀਦਾਂ ਤੇ ਖਰਾ ਉਤਰੇਗਾ। ਇਹ ਗੱਲ ਭਾਜਪਾ ਕੇਂਦਰੀ ਕਾਰਜਕਾਰਨੀ ਦੇ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ਨੀਵਾਰ ਨੂੰ ਫਿਰੋਜ਼ਪੁਰ ਵਿਚ ਪੱਤਰਕਾਰ ਸੰਮੇਲਣ ਨੂੰ ਸੰਬੋਧਤ ਕਰਦੇ ਹੋਏ ਆਖੀ। ਸੋਢੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਯੂਥ ਅਤੇ ਖੇਡ ਆਧਾਰਤ ਬਜਟ ਪੇਸ਼ ਕੀਤਾ ਹੈ ਜਿਸ ਨਾਲ ਪੰਜਾਬ ਵਿਚ ਕਈ ਸੁਧਾਰ ਹੋਣੇ ਸੰਭਾਵਤ ਹਨ ਕਿਉਂਕਿ ਪੰਜਾਬ ਨੇ ਹਮੇਸ਼ਾ ਖੇਡਾਂ ਵਿਚ ਚੈਂਪੀਅਨ ਪੈਦਾ ਕੀਤੇ ਹਨ। ਕੇਂਦਰ ਸਰਕਾਰ ਦੇ ਬਜਟ ਨੇ ਪੰਜਾਬ ਦੀ ਯੂਥ ਨੂੰ ਅੱਗੇ ਵਧਣ ਦਾ ਸੁਨਹਿਰਾ ਮੌਕਾ ਦਿੱਤਾ ਹੈ। ਸੋਢੀ ਨੇ ਕਿਹਾ ਕਿ ਭਾਰਤ ਸਰਕਾਰ ਦਾ ਬਜਟ ਸੁਧਾਰ ਪ੍ਰਧਾਨ ਅਤੇ ਜਨ-ਕੇਂਦਰਿਤ ਵਿਕਾਸ ਦੇ ਪ੍ਰਤੀ ਮਜ਼ਬੂਤ ਦਾਅਵੇਦਾਰੀ ਦਰਸਾਉਂਦਾ ਹੈ | ਲੋਜੀਸਟਿਕ, ਊਰਜਾ ਸੁਰੱਖਿਆ ਅਤੇ ਘਰੇਲੂ ਨਿਰਮਾਣ ਤੇ ਧਿਆਨ ਦੇ ਕੇ ਸਰਕਾਰ ਨੇ ਦੇਸ਼ ਵਿਚ ਟਿਕਾਊ ਸਵੈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦਾ ਕੰਮ ਕੀਤਾ ਹੈ | ਇਸ ਤੋਂ ਇਲਾਵਾ ਉਦਯੋਗਪਤੀਆਂ ਨੂੰ ਨਵੇਂ ਬਿਜਨੈਸ ਸ਼ੁਰੂ ਕਰਨ ਦੀ ਪਹਿਲ ਕਦਮੀ ਕੀਤੀ ਗਈ ਹੈ। ਸੋਢੀ ਨੇ ਇਸ ਦੇ ਨਾਲ ਸਪੱਸ਼ਟ ਕੀਤਾ ਕਿ ਰੇਲ ਬਜਟ ਵਿਚ ਸਾਲ 2026-27 ਦੇ ਲਈ ਪੰਜਾਬ ਨੂੰ ਕੁੱਲ 5673 ਕਰੋੜ ਰੁਪਏ ਮਿਲੇ ਹਨ ਜਦਕਿ ਪਿਛਲੀ ਯੂਪੀਏ ਸਰਕਾਰ ਨੇ 2009 ਤੋਂ 2014 ਤੱਕ ਪੰਜ ਸਾਲ ਵਿਚ ਪੰਜਾਬ ਨੂੰ ਸਿਰਫ 225 ਕਰੋੜ ਰੁਪਏ ਦਾ ਰੇਲ ਬਜਟ ਦਿੱਤਾ ਸੀ। ਇਹ ਸਪੱਸ਼ਟ ਕਰਦਾ ਹੈ ਕਿ ਐੱਨਡੀਏ ਹਰ ਰਾਜ ਵਿਚ ਰੇਲ ਇਨਫਰਾਸਟਰਕਚਰ ਅਤੇ ਮੁਸਾਫਰ ਸਹੂਲਤਾਂ ਨੂੰ ਵਧਾਉਣ ਤੇ ਜੋਰ ਦੇ ਰਹੀ ਹੈ ਅਤੇ ਪੰਜਾਬ ਵਿਚ ਰੇਲਵੇ ਦੇ ਲਗਾਤਾਰ ਵੱਡੇ ਸੁਧਾਰ ਹੋ ਰਹੇ ਹਨ। ਮੌਜ਼ੂਦਾ ਸਮੇਂ ਵਿਚ ਪੰਜਾਬ ਦੇ 30 ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਸੂਬੇ ਦੇ ਹਰ ਰੇਲਵੇ ਟਰੈਕ ਦਾ 100 ਫੀਸਦੀ ਬਿਜਲੀਕਰਨ ਮੁਕੰਮਲ ਹੋ ਚੁੱਕਾ ਹੈ।