ਕੇਂਦਰ ਦਾ ਬਜਟ ਪੰਜਾਬ ਤੇ ਕਿਸਾਨ ਵਿਰੋਧੀ : ਕਾਂਗਰਸੀ ਆਗੂ
ਕੇਂਦਰ ਦਾ ਬਜਟ ਪੰਜਾਬ ਤੇ ਕਿਸਾਨ ਵਿਰੋਧੀ : ਕਾਂਗਰਸੀ ਆਗੂ
Publish Date: Wed, 04 Feb 2026 04:36 PM (IST)
Updated Date: Wed, 04 Feb 2026 04:38 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਨਵਾਂ ਬਜਟ ਪੰਜਾਬ, ਕਿਸਾਨਾਂ ਅਤੇ ਆਮ ਵਰਗ ਦੇ ਖਿਲਾਫ ਹੈ। ਇਸ ਬਜਟ ਵਿੱਚ ਪੰਜਾਬ ਨਾਲ ਫਿਰ ਤੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ ਅਤੇ ਸੂਬੇ ਲਈ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਜ਼ਿਲ੍ਹਾ ਫਿਰੋਜ਼ਪੁਰ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਸਾਬਕਾ ਚੇਅਰਮੈਨ ਹਰੀਸ਼ ਜੈਨ ਗੋਗਾ, ਡਾ. ਰਸ਼ਪਾਲ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲਗਾਏ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਪੰਜਾਬ ਦਾ ਲਗਭਗ 10 ਹਜ਼ਾਰ ਕਰੋੜ ਰੁਪਏ ਦਾ ਪੇਂਡੂ ਵਿਕਾਸ ਫੰਡ ਬਕਾਇਆ ਹੈ, ਪਰ ਬਜਟ ਵਿਚ ਇਸ ਦੀ ਅਦਾਇਗੀ ਦਾ ਕੋਈ ਜ਼ਿਕਰ ਤੱਕ ਨਹੀਂ। ਇਹ ਰਕਮ ਪੰਜਾਬ ਦੇ ਪੇਂਡੂ ਇਲਾਕਿਆਂ ਦੇ ਵਿਕਾਸ ਅਤੇ ਬੁਨਿਆਦੀ ਢਾਂਚੇ ਲਈ ਬਹੁਤ ਜ਼ਰੂਰੀ ਹੈ, ਪਰ ਜਾਨਬੁਝ ਕੇ ਰੋਕੀ ਜਾ ਰਹੀ ਹੈ।ਕਾਂਗਰਸੀ ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਸੂਬੇ ਦੀ ਆਪ ਸਰਕਾਰ ਸਿਰਫ ਐਲਾਨਾਂ ਅਤੇ ਨਾਵਾਂ ਦੀ ਸਿਆਸਤ ਕਰ ਰਹੀਆਂ ਹਨ ਜਦਕਿ ਆਮ ਆਦਮੀ ਦੀ ਥਾਲੀ ਦਿਨੋਂ-ਦਿਨ ਖਾਲੀ ਹੋ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਹੱਕ ਲਈ ਕੋਈ ਆਵਾਜ਼ ਕਿਉਂ ਨਹੀਂ ਉਠਾਈ।ਉਨ੍ਹਾਂ ਕਿਹਾ ਕਿ ਇਹ ਬਜਟ ਮੱਧ ਵਰਗ, ਕਿਸਾਨ, ਮਜ਼ਦੂਰ, ਛੋਟੇ ਵਪਾਰੀ ਅਤੇ ਗਰੀਬ ਵਰਗ ਲਈ ਨਿਰਾਸ਼ਾਜਨਕ ਹੈ। ਕਲਿਆਣਕਾਰੀ ਖਰਚ ਘਟਾ ਕੇ ਸੂਬਿਆਂ ਉੱਤੇ ਵਿੱਤੀ ਭਾਰ ਵਧਾਇਆ ਗਿਆ ਹੈ। ਮਨਰੇਗਾ ਵਿੱਚ ਸੂਬਿਆਂ ਦਾ ਹਿੱਸਾ 10 ਫੀਸਦੀ ਤੋਂ ਵਧਾ ਕੇ ਲਗਭਗ 40 ਫੀਸਦੀ ਕਰ ਦਿੱਤਾ ਗਿਆ ਹੈ,ਜਿਸ ਨਾਲ ਕਰਜ਼ੇ ਹੇਠ ਦੱਬਿਆ ਪੰਜਾਬ ਇਸ ਯੋਜਨਾ ਦਾ ਲਾਭ ਪੂਰੀ ਤਰ੍ਹਾਂ ਨਹੀਂ ਲੈ ਸਕੇਗਾ। ਉਨ੍ਹਾਂ ਦੱਸਿਆ ਕਿ ਸਿਹਤ, ਸਿੱਖਿਆ, ਖੇਤੀਬਾੜੀ, ਪੇਂਡੂ ਤੇ ਸ਼ਹਿਰੀ ਵਿਕਾਸ ਖੇਤਰਾਂ ਵਿੱਚ ਭਾਰੀ ਕਟੌਤੀਆਂ ਕੀਤੀਆਂ ਗਈਆਂ ਹਨ। ਐਸਸੀ,ਐਸਟੀ,ਓਬੀਸੀ ਸਕੀਮਾਵਾਂ, ਵਿਦਿਆਰਥੀ ਵਜ਼ੀਫੇ ਅਤੇ ਜਲ ਜੀਵਨ ਮਿਸ਼ਨ ਵਿਚ ਕੀਤੀਆਂ ਕਟੌਤੀਆਂ ਗਰੀਬ ਵਰਗ ਉੱਤੇ ਸਿੱਧਾ ਹਮਲਾ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਕੀਤੀ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦਾ ਵਾਅਦਾ ਵੀ ਬਜਟ ਵਿਚ ਗਾਇਬ ਹੈ। ਮਹਿੰਗਾਈ ਲਗਾਤਾਰ ਵਧ ਰਹੀ ਹੈ, ਰੁਪਏ ਦੀ ਕੀਮਤ ਡਿੱਗ ਰਹੀ ਹੈ,ਪਰ ਸਰਕਾਰ ਨੇ ਰਾਹਤ ਲਈ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ। ਆਗੂਆਂ ਨੇ ਕਿਹਾ ਕਿ ਇਹ ਬਜਟ ਸਿਰਫ ਅਮੀਰ ਵਰਗ ਦੇ ਹਿੱਤ ਵਿਚ ਹੈ ਅਤੇ ਆਮ ਲੋਕਾਂ, ਕਿਸਾਨਾਂ ਤੇ ਪੰਜਾਬ ਦੇ ਹੱਕਾਂ ਦੇ ਖਿਲਾਫ ਹੈ।