ਮਹਾਰਾਜਾ ਰਣਜੀਤ ਸਿੰਘ ਦੀਆਂ ਨਿਸ਼ਾਨੀਆਂ ਲਿਆਉਣ ਲਈ ਕੇਂਦਰ ਤੇ ਸੂਬਾ ਸਰਕਾਰ ਕਦਮ ਚੁੱਕੇ : ਜੌੜਾ
ਮਹਾਰਾਜਾ ਰਣਜੀਤ ਸਿੰਘ ਦੀਆਂ ਨਿਸ਼ਾਨੀਆਂ ਲਿਆਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਤੁਰੰਤ ਕਦਮ ਚੁੱਕਣ: ਸੁਰਿੰਦਰ ਸਿੰਘ ਜੌੜਾ
Publish Date: Tue, 06 Jan 2026 05:21 PM (IST)
Updated Date: Tue, 06 Jan 2026 05:23 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਸਿੱਖ ਸਾਮਰਾਜ ਦੇ ਸੰਸਥਾਪਕ ਅਤੇ ਪੰਜਾਬ ਦੀ ਸ਼ਾਨ ਮਹਾਰਾਜਾ ਰਣਜੀਤ ਸਿੰਘ ਨਾਲ ਜੁੜੀਆਂ ਇਤਿਹਾਸਕ ਨਿਸ਼ਾਨੀਆਂ ਦਾ ਹਾਲੇ ਤੱਕ ਇੰਗਲੈਂਡ ਵਿਚ ਕੈਦ ਹੋਣਾ ਸਿੱਖ ਕੌਮ ਨਾਲ ਵੱਡਾ ਅਨਿਆਇ ਹੈ। ਇਹ ਸ਼ਬਦ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਮੈਂਬਰ ਸੁਰਿੰਦਰ ਸਿੰਘ ਜੌੜਾ ਨੇ ਕਹੇ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਇਹ ਅਨਮੋਲ ਧਰੋਹਰ ਵਿਦੇਸ਼ੀ ਮਿਊਜ਼ੀਅਮਾਂ ਦੀ ਸ਼ੋਭਾ ਬਣੀ ਹੋਈ ਹੈ, ਜਦਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੀ ਇਤਿਹਾਸਕ ਵਿਰਾਸਤ ਨੂੰ ਸਿਰਫ਼ ਕਿਤਾਬਾਂ ਵਿੱਚ ਹੀ ਪੜ੍ਹ ਰਹੀ ਹੈ। ਸੁਰਿੰਦਰ ਸਿੰਘ ਜੌੜਾ ਨੇ ਕਿਹਾ ਕਿ ਇੰਗਲੈਂਡ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਨਿੱਜੀ ਤਲਵਾਰ, ਜੰਗੀ ਕਵਚ, ਢਾਲਾਂ, ਦਰਬਾਰੀ ਪੋਸ਼ਾਕਾਂ ਦੇ ਅੰਸ਼, ਸ਼ਿਕਾਰੀ ਹਥਿਆਰ, ਕੀਮਤੀ ਗਹਿਣੇ ਅਤੇ ਦਰਬਾਰ ਨਾਲ ਸੰਬੰਧਤ ਕਈ ਅਨਮੋਲ ਵਸਤਾਂ ਅੱਜ ਵੀ ਸੰਭਾਲ ਕੇ ਰੱਖੀਆਂ ਗਈਆਂ ਹਨ। ਇਨ੍ਹਾਂ ਤੋਂ ਇਲਾਵਾ ਸਿੱਖ ਸਾਮਰਾਜ ਨਾਲ ਜੁੜੀਆਂ ਦੁਰਲੱਭ ਪੇਂਟਿੰਗਾਂ, ਇਤਿਹਾਸਕ ਦਸਤਾਵੇਜ਼ ਅਤੇ ਰਾਜਸੀ ਚਿੰਨ੍ਹ ਵੀ ਇੰਗਲੈਂਡ ਦੇ ਸੰਗ੍ਰਹਾਲਿਆਂ ਵਿਚ ਮੌਜ਼ੂਦ ਹਨ, ਜੋ ਉਸ ਸਮੇਂ ਦੀ ਰਾਜਨੀਤਿਕ, ਸੈਨਿਕ ਅਤੇ ਸਮਾਜਿਕ ਸ਼ਕਤੀ ਦੀ ਜਿਉਂਦੀ ਜਾਗਦੀ ਤਸਵੀਰ ਪੇਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਨਿਸ਼ਾਨੀਆਂ ਸਿੱਖ ਇਤਿਹਾਸ ਦੀ ਰੂਹ ਹਨ,ਪਰ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਵਿਚ ਉਨ੍ਹਾਂ ਨੂੰ ਦੇਖਣ ਲਈ ਅੱਜ ਤੱਕ ਕੋਈ ਢੁਕਵਾਂ ਪ੍ਰਬੰਧ ਨਹੀਂ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਦੁਨੀਆ ਦੇ ਕਈ ਦੇਸ਼ ਆਪਣੀ ਲੁੱਟੀ ਹੋਈ ਵਿਰਾਸਤ ਵਾਪਸ ਹਾਸਲ ਕਰ ਸਕਦੇ ਹਨ ਤਾਂ ਭਾਰਤ ਸਰਕਾਰ ਇਸ ਮਾਮਲੇ ਵਿਚ ਕਿਉਂ ਖਾਮੋਸ਼ ਹੈ। ਸੁਰਿੰਦਰ ਸਿੰਘ ਜੌੜਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਸੀ ਤਾਲਮੇਲ ਨਾਲ ਕੂਟਨੀਤਕ ਪੱਧਰ ’ਤੇ ਇੰਗਲੈਂਡ ਸਰਕਾਰ ਨਾਲ ਤੁਰੰਤ ਗੱਲਬਾਤ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਇਹ ਮਸਲਾ ਸਿਰਫ਼ ਸਿੱਖ ਕੌਮ ਦਾ ਨਹੀਂ,ਸਗੋਂ ਭਾਰਤ ਦੀ ਰਾਸ਼ਟਰੀ ਵਿਰਾਸਤ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਇਹ ਇਤਿਹਾਸਕ ਨਿਸ਼ਾਨੀਆਂ ਪੰਜਾਬ ਵਾਪਸ ਲਿਆਂਦੀਆਂ ਜਾਂਦੀਆਂ ਹਨ ਤਾਂ ਇੱਥੇ ਵਿਸ਼ੇਸ਼ ਅੰਤਰਰਾਸ਼ਟਰੀ ਪੱਧਰ ਦੇ ਸੰਗ੍ਰਹਾਲੇ ਸਥਾਪਤ ਕੀਤੇ ਜਾ ਸਕਦੇ ਹਨ, ਜੋ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਣ ਦੇ ਨਾਲ-ਨਾਲ ਪੰਜਾਬ ਦੀ ਸ਼ਾਨ ਅਤੇ ਸਿੱਖ ਸਾਮਰਾਜ ਦੀ ਵਿਰਾਸਤ ਨੂੰ ਸੰਸਾਰ ਸਾਹਮਣੇ ਨਵੀਂ ਪਛਾਣ ਦੇਣਗੇ।