ਸੀਬੀਐੱਸਈ ਨੇ ਅਧਿਆਪਕਾਂ ਲਈ ਵਰਕਸ਼ਾਪ ਲਗਵਾਈ
ਸ਼ਾਂਤੀ ਵਿਦਿਆ ਮੰਦਰ ਵਿਖੇ ਸੀਬੀਐੱਸਈ ਵੱਲੋਂ ਅਧਿਆਪਕਾਂ ਦੀ ਟਰੇਨਿੰਗ ਲਈ ਵਰਕਸ਼ਾਪ ਦਾ ਆਯੋਜਨ
Publish Date: Sun, 01 Feb 2026 04:14 PM (IST)
Updated Date: Sun, 01 Feb 2026 04:16 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼ਾਂਤੀ ਵਿਦਿਆ ਮੰਦਰ ਵਿਚ ਸੀਬੀਐੱਸਈ ਦੇ ‘ਵਨ ਡੇ ਕੈਪੇਸਿਟੀ ਬਿਲਡਿੰਗ ਪ੍ਰੋਗਰਾਮ’ ਦੇ ਅੰਤਰਗਤ ਮਾਪਿਆਂ ਨੂੰ ਸਿੱਖਿਆ ਪ੍ਰਤੀ ਜਾਗਰੂਕ ਕਰਨਾ ਵਿਸ਼ੇ ’ਤੇ ਇਕ ਰੋਜ਼ਾ ਟਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਕਾਰਜਸ਼ਾਲਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਮਾਪਿਆਂ ਨੂੰ ਸਿੱਖਿਆ ਦੇ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਸਕੂਲ ਨਾਲ ਜੋੜਨਾ ਰਿਹਾ। ਇਸ ਮੌਕੇ ਰਿਸੋਰਸ ਪਰਸਨ ਵਜੋਂ ਪੁਸ਼ਪਿੰਦਰ ਕੁਮਾਰ ਰਾਣਾ ਪ੍ਰਿੰਸੀਪਲ, ਐੱਮਜੇਕੇ ਮੈਮੋਰੀਅਲ ਸਕੂਲ, ਬਾਦਲ ਅਤੇ ਦੀਪਮਾਲਾ ਸਾਧੋਤਰਾ ਪ੍ਰਿੰਸੀਪਲ, ਜੀਡੀ ਗੋਇਨਕਾ ਪਬਲਿਕ ਸਕੂਲ, ਸਿਰਸਾ ਹਾਜ਼ਰ ਹੋਏ। ਇਸ ਟਰੇਨਿੰਗ ਵਿਚ ਵੱਖ-ਵੱਖ ਸਕੂਲਾਂ ਦੇ 62 ਅਧਿਆਪਕਾਂ ਨੇ ਭਾਗ ਲਿਆ। ਪ੍ਰੋਗਰਾਮ ਦਾ ਸ਼ੁਭਾਰੰਭ ਮਾਂ ਸਰਸਵਤੀ ਦੇ ਸਨਮੁੱਖ ਜੋਤੀ ਪ੍ਰਚੰਡ ਕਰਕੇ ਕੀਤਾ ਗਿਆ। ਦੋਵਾਂ ਬੁਲਾਰਿਆਂ ਨੇ ਵਿਦਿਆਰਥੀਆਂ ਵਿਚ ਵੱਖ-ਵੱਖ ਹੁਨਰਾਂ ਦੇ ਵਿਕਾਸ, ਮਾਪਿਆਂ ਦੀ ਭੂਮਿਕਾ, ਬੱਚਿਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਲਈ ਸਕੂਲ ਤੇ ਮਾਪਿਆਂ ਦੇ ਆਪਸੀ ਸਹਿਯੋਗ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਦੋਂ ਮਾਪੇ ਸਿੱਖਿਆ ਪ੍ਰਣਾਲੀ ਨਾਲ ਜੁੜਦੇ ਹਨ, ਤਾਂ ਬੱਚਿਆਂ ਦਾ ਵਿੱਦਿਅਕ ਅਤੇ ਨੈਤਿਕ ਵਿਕਾਸ ਹੋਰ ਵੀ ਮਜ਼ਬੂਤ ਹੁੰਦਾ ਹੈ। ਪ੍ਰੋਗਰਾਮ ਦੇ ਅੰਤ ਵਿਚ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਟਾਫ ਅਤੇ ਦੂਜੇ ਸਕੂਲਾਂ ਤੋਂ ਆਏ ਅਧਿਆਪਕਾਂ ਲਈ ਰਿਫਰੈਸ਼ਮੈਂਟ ਦਾ ਵਧੀਆ ਪ੍ਰਬੰਧ ਕੀਤਾ ਗਿਆ। ਇਸ ਦੇ ਨਾਲ ਹੀ ਦੋਵਾਂ ਰਿਸੋਰਸ ਪਰਸਨਾਂ ਨੂੰ ਉਨ੍ਹਾਂ ਦੀ ਆਮਦ ਲਈ ਧੰਨਵਾਦ ਕਰਦਿਆਂ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਵਰਕਸ਼ਾਪ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਬਹੁਤ ਹੀ ਸਾਰਥਕ ਅਤੇ ਪ੍ਰੇਰਨਾਦਾਇਕ ਮਾਹੌਲ ਵਿਚ ਹੋਈ।