ਖੁਦਕੁਸ਼ੀ ਮਾਮਲੇ ਦੀ ਹੋਵੇ ਸੀਬੀਆਈ ਜਾਂਚ : ਹੀਰੋ
ਖੁਦਕੁਸ਼ੀ ਮਾਮਲੇ ਦੀ ਹੋਵੇ ਸੀਬੀਆਈ ਜਾਂਚ: ਹੀਰੋ
Publish Date: Mon, 23 Mar 2026 03:38 PM (IST)
Updated Date: Mon, 23 Mar 2026 03:40 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ, ਜ਼ੀਰਾ : ਵੇਅਰ ਹਾਊਸਿੰਗ ਵਿਭਾਗ ਦੇ ਡੀਐੱਮ ਦੀ ਖੁਦਕੁਸ਼ੀ ਮਾਮਲੇ ਨੇ ਪੰਜਾਬ ਦੀ ਸਿਆਸਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਸੰਵੇਦਨਸ਼ੀਲ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਜੀਰਾ ਦੇ ਹਲਕਾ ਇੰਚਾਰਜ਼ ਹਰਪ੍ਰੀਤ ਸਿੰਘ ਹੀਰੋ ਨੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਹਰਪ੍ਰੀਤ ਸਿੰਘ ਹੀਰੋ ਨੇ ਕਿਹਾ ਕਿ ਵੇਅਰ ਹਾਊਸਿੰਗ ਦੇ ਡੀਐੱਮ ਗਗਨਦੀਪ ਸਿੰਘ ਨੂੰ ਸਲਫਾਸ ਖਾ ਕੇ ਆਤਮਹਤਿਆ ਕਰਨ ਲਈ ਮਜ਼ਬੂਰ ਕਰਨ ਵਾਲੇ ਸਬੰਧਤ ਮੰਤਰੀ ਖ਼ਿਲਾਫ ਤੁਰੰਤ ਐੱਫਆਈਆਰ ਦਰਜ ਕੀਤੀ ਜਾਵੇ ਅਤੇ ਉਸ ਦੀ ਗ੍ਰਿਫ਼ਤਾਰੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੇਂਦਰੀ ਏਜੰਸੀ ਸੀਬੀਆਈ ਤੋਂ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਮੌਜ਼ੂਦਾ ਸਰਕਾਰ ਦੇ ਕੁਝ ਮੰਤਰੀ ਅਧਿਕਾਰੀਆਂ ’ਤੇ ਦਬਾਅ ਬਣਾ ਕੇ ਉਨ੍ਹਾਂ ਨੂੰ ਗਲਤ ਕੰਮ ਕਰਨ ਲਈ ਮਜ਼ਬੂਰ ਕਰਦੇ ਹਨ, ਜਿਸ ਕਾਰਨ ਇਮਾਨਦਾਰ ਅਧਿਕਾਰੀ ਮਾਨਸਿਕ ਦਬਾਅ ਹੇਠ ਆ ਕੇ ਅਜਿਹੇ ਕਦਮ ਚੁੱਕਣ ’ਤੇ ਮਜ਼ਬੂਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਪਰਿਵਾਰ ਦਾ ਸਹਾਰਾ ਛਿਨ ਜਾਣਾ ਸਿਰਫ਼ ਇਕ ਵਿਅਕਤੀ ਦੀ ਮੌਤ ਨਹੀਂ, ਸਗੋਂ ਪੂਰੇ ਘਰ ਦੀ ਤਬਾਹੀ ਹੈ। ਹਰਪ੍ਰੀਤ ਸਿੰਘ ਹੀਰੋ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਕੇਵਲ ਮੰਤਰੀ ਦਾ ਅਸਤੀਫਾ ਲੈਣਾ ਕਾਫ਼ੀ ਨਹੀਂ, ਬਲਕਿ ਉਸ ਦੇ ਖ਼ਿਲਾਫ ਕਾਨੂੰਨੀ ਕਾਰਵਾਈ ਕਰਕੇ ਸੀਬੀਆਈ ਜਾਂਚ ਕਰਵਾਈ ਜਾਵੇ। ਉਨ੍ਹਾਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸਰਕਾਰ ਦੀ ਇਮਾਨਦਾਰੀ ਦੇ ਦਾਅਵੇ ਹੁਣ ਸਵਾਲਾਂ ਦੇ ਘੇਰੇ ਵਿਚ ਹਨ।