ਪੱਤਰਕਾਰਾਂ ਤੇ ਦਰਜ ਕੀਤੇ ਕੇਸ ਵਾਪਸ ਲਏ ਜਾਣ : ਕਾਲਮਨਵੀਸ ਮੰਚ ਪੰਜਾਬ
ਪੱਤਰਕਾਰਾਂ ਤੇ ਦਰਜ ਕੀਤੇ ਕੇਸ ਵਾਪਸ ਲਏ ਜਾਣ :ਕਾਲਮਨਵੀਸ ਮੰਚ ਪੰਜਾਬ
Publish Date: Tue, 06 Jan 2026 04:01 PM (IST)
Updated Date: Tue, 06 Jan 2026 04:02 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਕਾਲਮ ਨਵੀਸ ਮੰਚ ਦੇ ਪੰਜਾਬ ਦੇ ਪ੍ਰਧਾਨ ਗੁਰਮੀਤ ਪਲਾਹੀ, ਜਰਨਲ ਸਕੱਤਰ ਗੁਰਚਰਨ ਨੂਰਪੁਰ, ਵਿੱਤ ਸਕੱਤਰ ਦੀਦਾਰ ਸ਼ੇਤਰਾ, ਮੀਤ ਪ੍ਰਧਾਨ ਗਿਆਨ ਸਿੰਘ ਰਿਟਾਇਰ ਡੀਪੀਆਰਓ, ਡਾ. ਚਰਨਜੀਤ ਸਿੰਘ ਗੁਮਟਾਲਾ ਅਤੇ ਰਵਿੰਦਰ ਚੋਟ ਆਦਿ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਕਿਹਾ ਕਿ ਪਿਛਲੇ ਦਿਨੀਂ ਸਰਕਾਰ ਵੱਲੋਂ ਪੱਤਰਕਾਰ ਮਨਿੰਦਰਜੀਤ ਸਿੱਧੂ ਲੋਕ ਆਵਾਜ ਟੀ.ਵੀ, ਮਿੰਟੂ ਗੁਰੂਸਰੀਆ ਅਤੇ ਆਰ.ਟੀ.ਆਈ ਕਾਰਕੁੰਨ ਮਨਕਿਤ ਗੋਇਲ ਵੱਲੋਂ ਸਰਕਾਰ ਨੂੰ ਹੈਲੀਕਾਪਟਰ ਮਾਮਲੇ ਤੇ ਸਵਾਲ ਪੁੱਛੇ ਜਾਣ ਤੇ ਦਰਜ ਕੀਤੇ ਗਏ ਪਰਚਿਆਂ ਦੀ ਨਿਖੇਦੀ ਕੀਤੀ । ਕਾਲਮਨਵੀਸ ਮੰਚ ਦੇ ਆਗੂਆਂ ਨੇ ਕਿਹਾ ਕਿ ਲੋਕਤੰਤਰ ਵਿਚ ਪ੍ਰੈਸ ਨੂੰ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ। ਪ੍ਰੈਸ ਦਾ ਫਰਜ਼ ਬਣਦਾ ਹੈ ਕਿ ਉਹ ਲੋਕ ਹਿੱਤਾਂ ਦੀ ਗੱਲ ਕਰੇ, ਇਸ ਸਬੰਧੀ ਸੱਤਾ ਨੂੰ ਸਵਾਲ ਕਰਨੇ ਵੀ ਪ੍ਰੈੱਸ ਦਾ ਸਭ ਤੋਂ ਵੱਡਾ ਫਰਜ਼ ਹੈ। ਪੰਜਾਬ ਸਰਕਾਰ ਨੇ ਪੱਤਰਕਾਰਾਂ ਤੇ ਪਰਚੇ ਦਰਜ ਕਰਕੇ ਇਕ ਤਰ੍ਹਾਂ ਨਾਲ ਪ੍ਰੈੱਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਕਿਸੇ ਵੀ ਖਿੱਤੇ ਵਿਚ ਜਦੋਂ ਪ੍ਰੈਸ ਲੋਕਾਂ ਦੀ ਆਵਾਜ਼ ਨਹੀਂ ਬਣਦੀ ਤਾਂ ਉਸ ਖਿੱਤੇ ਵਿਚ ਤਾਨਾਸ਼ਾਹੀ ਪ੍ਰਵਿਰਤੀਆਂ ਭਾਰੂ ਹੋ ਜਾਂਦੀਆਂ ਹਨ। ਇਸ ਲਈ ਲੋਕਤਾਂਤਰਿਕ ਕਦਰਾਂ ਕੀਮਤਾਂ ਲਈ ਪ੍ਰੈਸ ਦੀ ਆਜ਼ਾਦੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪ੍ਰੈਸ ਦੀ ਆਵਾਜ਼ ਨੂੰ ਦਬਾਇਆ ਜਾਣਾ ਲੋਕਤਾਂਤਰੀਂ ਕਦਰਾਂ ਕੀਮਤਾਂ ਨੂੰ ਖਤਮ ਕੀਤੇ ਜਾਣ ਵਰਗੀ ਸਥਿਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਪੱਤਰਕਾਰਾਂ ਤੇ ਦਰਜ ਕੀਤੇ ਕੇਸ ਤੁਰੰਤ ਵਾਪਸ ਲੈਣੇ ਚਾਹੀਦੇ ਹਨ ਅਤੇ ਪ੍ਰੈਸ ਦੀ ਆਜ਼ਾਦੀ ਨੂੰ ਹਰ ਹਾਲ ਵਿੱਚ ਕਾਇਮ ਰੱਖਿਆ ਜਾਣਾ ਚਾਹੀਦਾ ਹੈ।