ਆਸ਼ੂ ਬੰਗੜ ’ਤੇ ਹਮਲੇ ਦੇ ਮਾਮਲੇ ’ਚ 300 ਅਣਪਛਾਤੇ ਨਾਮਜ਼ਦ
ਕਾਂਗਰਸੀ ਆਗੂ ’ਤੇ ਹਮਲਾ ਕਰਨ ਵਾਲੇ 300 ‘ਅਣਪਛਾਤਿਆਂ ’ ਸਮੇਤ ਕਈਆਂ ਖ਼ਿਲਾਫ਼ ਕੇਸ ਦਰਜ !
Publish Date: Sun, 17 May 2026 07:28 PM (IST)
Updated Date: Sun, 17 May 2026 07:30 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਗਰਣ ਫਿਰੋਜ਼ਪੁਰ ਨਗਰ ਪੰਚਾਇਤ ਮੁੱਦਕੀ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਮਾਰਕੀਟ ਕਮੇਟੀ ਦਫਤਰ ਤਲਵੰਡੀ ਭਾਈ ਵਿਖੇ ਕਾਂਗਰਸੀ ਆਗੂ ਅਤੇ ਹਲਕਾ ਦਿਹਾਤੀ ਦੇ ਇੰਚਾਰਜ਼ ਆਸ਼ੂ ਬੰਗੜ ’ਤੇ ਕਾਤਲਾਨਾ ਹਮਲਾ ਅਤੇ ਗੱਡੀਆਂ ਦੀ ਭੰਨ ਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਤਲਵੰਡੀ ਭਾਈ ਦੀ ਪੁਲਿਸ ਨੇ ਫਿਰੋਜ਼ਪੁਰ ਦਿਹਾਤੀ ਕਾਂਗਰਸ ਦੇ ਹਲਕਾ ਇੰਚਾਰਜ਼ ਅਮਰਦੀਪ ਸਿੰਘ ਉਰਫ ਆਸ਼ੂ ਬੰਗੜ ਦੀ ਸ਼ਿਕਾਇਤ ’ਤੇ ਲੱਖਾ ਸਿੰਘ, ਗੁਰਭੇਜ ਸਿੰਘ ਉਰਫ ਭੇਜਾ, ਅਮਰੀਕ ਸਿੰਘ, ਮਨੀ, ਰਾਜਵਿੰਦਰ ਸਿੰਘ ਉਰਫ ਬੂਚਾ ਅਤੇ ਕਰੀਬ 300 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਜਾਨਲੇਵਾ ਹਮਲਾ ਕਰਨ, ਜਾਤੀਸੂਚਕ ਸ਼ਬਦ ਬੋਲਣ ਅਤੇ ਹਥਿਆਰ ਲਹਿਰਾਉਣ ਦੇ ਦੋਸ਼ਾਂ ਹੇਠ 109, 126, 115(2), 324, 191(3), 190 ਬੀਐੱਨਐੱਸ ਅਤੇ ਅਸਲਾ ਐਕਟ 1959 ਦੀ ਧਾਰਾ 25 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਮਰਦੀਪ ਸਿੰਘ ਉਰਫ ਆਸ਼ੂ ਬੰਗੜ ਪੁੱਤਰ ਲੇਟ ਹਰੀ ਰਾਮ ਵਾਸੀ ਪਿੰਡ ਅਰਮਾਨਪੁਰਾ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਦਿਹਾਤੀ ਕਾਂਗਰਸ ਦੇ ਹਲਕਾ ਇੰਚਾਰਜ਼ ਵਜੋਂ ਸੇਵਾਵਾਂ ਨਿਭਾ ਰਹੇ ਹਨ। ਮਿਤੀ 16 ਮਈ 2026 ਨੂੰ ਮਾਰਕੀਟ ਕਮੇਟੀ ਤਲਵੰਡੀ ਭਾਈ ਵਿਖੇ ਨਗਰ ਪੰਚਾਇਤ ਮੁੱਦਕੀ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ ਸੀ। ਉਹ ਆਪਣੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾਉਣ ਲਈ ਆਪਣੇ ਵਰਕਰਾਂ ਅਤੇ ਆਗੂਆਂ ਸਮੇਤ ਉੱਥੇ ਪਹੁੰਚੇ ਹੋਏ ਸਨ। ਜਦੋਂ ਉਹ ਮਾਰਕੀਟ ਕਮੇਟੀ ਦੇ ਗੇਟ ਕੋਲ ਪੁੱਜੇ ਤਾਂ ਉੱਥੇ ਪਹਿਲਾਂ ਤੋਂ ਹੀ ਮੌਜ਼ੂਦ ਲੱਖਾ ਸਿੰਘ, ਗੁਰਭੇਜ ਸਿੰਘ ਉਰਫ ਭੇਜਾ ਪੁੱਤਰ ਚਰਨਜੀਤ ਸਿੰਘ ਵਾਸੀ ਨਵਾਂ ਪੁਰਬਾ, ਅਮਰੀਕ ਸਿੰਘ, ਮਨੀ ਅਤੇ ਰਾਜਵਿੰਦਰ ਸਿੰਘ ਉਰਫ ਬੂਚਾ ਵਾਸੀ ਠੇਠਰ ਨੇ ਆਪਣੇ ਨਾਲ ਮੌਜ਼ੂਦ ਕਰੀਬ 300 ਅਣਪਛਾਤੇ ਵਿਅਕਤੀਆਂ ਸਮੇਤ ਜਿਨ੍ਹਾਂ ਕੋਲ ਅਸਲਾ, ਕਿਰਪਾਨਾਂ ਅਤੇ ਗੰਡਾਸੇ ਵਰਗੇ ਤੇਜ਼ਧਾਰ ਹਥਿਆਰ ਸਨ, ਉਨ੍ਹਾਂ ਨੂੰ ਘੇਰ ਲਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਲੱਖਾ ਸਿੰਘ ਨੇ ਲਲਕਾਰਾ ਮਾਰਿਆ ਅਤੇ ਉਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਜਾਤੀਸੂਚਕ ਸ਼ਬਦ ਬੋਲੇ। ਦੋਸ਼ੀਆਂ ਨੇ ਕਿਹਾ ਕਿ ਅੱਜ ਇਹ ਵਾਪਸ ਨਹੀਂ ਜਾਣੇ ਚਾਹੀਦੇ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਅਚਾਨਕ ਹੋਏ ਹਮਲੇ ਦੌਰਾਨ ਅਮਰਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗੰਭੀਰ ਸੱਟਾਂ ਲੱਗੀਆਂ। ਹਮਲਾਵਰਾਂ ਵੱਲੋਂ ਕਾਂਗਰਸੀ ਵਰਕਰਾਂ ਦੀਆਂ ਗੱਡੀਆਂ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ। ਇਸ ਝੜਪ ਦੌਰਾਨ ਵਾਰਡ ਨੰਬਰ 8 ਮੁੱਦਕੀ ਤੋਂ ਕਾਂਗਰਸ ਦੀ ਮਹਿਲਾ ਉਮੀਦਵਾਰ ਕੁਲਦੀਪ ਕੌਰ ਦੇ ਸਿਰ ’ਤੇ ਗੰਭੀਰ ਸੱਟ ਲੱਗੀ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾਇਆ ਗਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਫਾਰਮਾਂ ਵਾਲੀ ਫਾਈਲ ਵੀ ਖੋਹ ਲਈ, ਜਿਸ ਕਾਰਨ ਕਈ ਉਮੀਦਵਾਰ ਆਪਣੇ ਕਾਗਜ਼ ਦਾਖਲ ਨਹੀਂ ਕਰ ਸਕੇ। ਇਹ ਸਾਰੀ ਕਾਰਵਾਈ ਗੁਰਪ੍ਰੀਤ ਸਿੰਘ ਸੇਖੋਂ ਦੀ ਪਾਰਟੀ ਦੇ ਉਮੀਦਵਾਰਾਂ ਨੂੰ ਫਾਇਦਾ ਪਹੁੰਚਾਉਣ ਅਤੇ ਚੋਣਾਂ ਵਿਚ ਡਰ ਦਾ ਮਾਹੌਲ ਪੈਦਾ ਕਰਨ ਲਈ ਕੀਤੀ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਪਰਮਜੀਤ ਕੌਰ ਮੁੱਖ ਅਫ਼ਸਰ ਥਾਣਾ ਤਲਵੰਡੀ ਭਾਈ ਦੱਸਿਆ ਉਕਤ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਖਮੀਆਂ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਜੁਰਮ ਵਿਚ ਹੋਰ ਵਾਧਾ ਕੀਤਾ ਜਾਵੇਗਾ ਅਤੇ ਇਲਾਕੇ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।