ਬਜਟ ਨਾਲ ਵਿਕਾਸ ਤੇ ਖ਼ੁਸ਼ਹਾਲੀ ਨੂੰ ਨਵਾਂ ਰਾਹ ਮਿਲੇਗਾ : ਭਾਜਪਾ ਆਗੂ
ਬਜਟ ਨਾਲ ਵਿਕਾਸ ਤੇ ਖ਼ੁਸ਼ਹਾਲੀ ਨੂੰ ਨਵਾਂ ਰਾਹ ਮਿਲੇਗਾ: ਭਾਜਪਾ ਆਗੂ
Publish Date: Wed, 04 Feb 2026 03:33 PM (IST)
Updated Date: Wed, 04 Feb 2026 03:35 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਕੇਂਦਰੀ ਬਜਟ ਨੂੰ ਦੇਸ਼ ਦੇ ਵਿਕਾਸ ਅਤੇ ਖ਼ੁਸ਼ਹਾਲੀ ਵੱਲ ਇਕ ਮਜ਼ਬੂਤ ਕਦਮ ਕਰਾਰ ਦਿੰਦਿਆਂ ਭਾਜਪਾ ਆਗੂ ਹਰਬੀਰਇੰਦਰ ਸਿੰਘ ਜੀਰਾ, ਭਾਜਪਾ ਦੇ ਬੁੱਧੀਜੀਵੀ ਸੈਲ ਜੀਰਾ ਇਕਾਈ ਦੇ ਕਨਵੀਨਰ ਐਡਵੋਕੇਟ ਤਰੁਨ ਝੱਟਾ, ਮੰਡਲ ਪ੍ਰਧਾਨ ਵਿਸ਼ਾਲ ਸੂਦ ਵਿੱਕੀ ਅਤੇ ਭਾਜਪਾ ਆਗੂ ਨੰਬਰਦਾਰ ਰਾਜੀਵ ਸ਼ਰਮਾ ਭੋਲਾ ਨੇ ਕਿਹਾ ਕਿ ਇਹ ਬਜਟ ਹਰ ਵਰਗ ਦੀਆਂ ਆਸਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿਸ਼ਵ ਆਰਥਿਕ ਚੁਣੌਤੀਆਂ ਦੇ ਦੌਰ ਵਿੱਚ ਇਹ ਬਜਟ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਆਧਾਰ ਪ੍ਰਦਾਨ ਕਰੇਗਾ ਅਤੇ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ।ਆਗੂਆਂ ਨੇ ਕਿਹਾ ਕਿ ਬਜਟ ਵਿਚ ਕਿਸੇ ਵੀ ਤਰ੍ਹਾਂ ਦਾ ਨਵਾਂ ਕਰ ਨਾ ਲਗਾਉਣਾ ਆਮ ਜਨਤਾ ਅਤੇ ਵਪਾਰੀਆਂ ਲਈ ਵੱਡੀ ਰਾਹਤ ਹੈ। ਇਸ ਨਾਲ ਦੇਸ਼ ਵਿੱਚ ਵਪਾਰ ਕਰਨਾ ਆਸਾਨ ਹੋਵੇਗਾ ਅਤੇ ਨਿਵੇਸ਼ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ, ਉਦਯੋਗਾਂ ਦੇ ਵਿਸਥਾਰ ਅਤੇ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕਰਨ ਲਈ ਬਜਟ ਵਿੱਚ ਕੀਤੇ ਗਏ ਉਪਾਵ ਭਵਿੱਖ ਵਿਚ ਵੱਡੇ ਨਤੀਜੇ ਲਿਆਉਣਗੇ। ਉਨ੍ਹਾਂ ਅਨੁਸਾਰ ਖੇਤੀਬਾੜੀ ਨੂੰ ਆਧੁਨਿਕ ਬਣਾਉਣ, ਕਿਸਾਨਾਂ ਦੀ ਆਮਦਨ ਵਧਾਉਣ ਅਤੇ ਨਵੇਂ ਮੌਕੇ ਪੈਦਾ ਕਰਨ ਲਈ ਬਜਟ ਵਿੱਚ ਕਈ ਯੋਜਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸਿੱਖਿਆ ਅਤੇ ਸਿਹਤ ਖੇਤਰ ਨੂੰ ਦਿੱਤੀ ਗਈ ਪ੍ਰਾਥਮਿਕਤਾ ਦੇਸ਼ ਦੇ ਮਨੁੱਖੀ ਸੰਸਾਧਨਾਂ ਨੂੰ ਮਜ਼ਬੂਤ ਬਣਾਏਗੀ। ਮੈਡੀਕਲ ਅਤੇ ਵੈਟਰਨਰੀ ਸਿੱਖਿਆ ਨੂੰ ਅੱਗੇ ਵਧਾਉਣ ਲਈ ਕੀਤੇ ਗਏ ਉਪਾਵ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹਨ। ਆਗੂਆਂ ਨੇ ਕਿਹਾ ਕਿ ਆਈਟੀ ਖੇਤਰ ਅਤੇ ਛੋਟੇ ਤੇ ਦਰਮਿਆਨੇ ਪੱਧਰ ਦੇ ਉਦਯੋਗਾਂ ’ਤੇ ਦਿੱਤਾ ਗਿਆ ਵਿਸ਼ੇਸ਼ ਧਿਆਨ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਰਵਾਜ਼ੇ ਖੋਲ੍ਹੇਗਾ। ਨਵੇਂ ਸਿੱਖਿਆ ਪ੍ਰੋਜੈਕਟ ਅਤੇ ਹੁਨਰ ਵਿਕਾਸ ਉਪਰ ਜ਼ੋਰ ਦੇ ਨਾਲ ਦੇਸ਼ ਦੀ ਨੌਜਵਾਨ ਤਾਕਤ ਨੂੰ ਸਹੀ ਦਿਸ਼ਾ ਮਿਲੇਗੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਬਜਟ ਦੇਸ਼ ਨੂੰ ਖ਼ੁਸ਼ਹਾਲੀ ਅਤੇ ਸਥਿਰਤਾ ਵੱਲ ਅੱਗੇ ਵਧਾਏਗਾ।