ਜੈਮਲਵਾਲਾ ਦੇ ਨੇੜੇ ਸਾਲਾਂ ਤੋਂ ਬਿਨ੍ਹਾਂ ਰੇਲਿੰਗ ਦਾ ਪੁਲ, ਪ੍ਰਸ਼ਾਸਨ ਬੇਪਰਵਾਹ
ਜੈਮਲਵਾਲਾ ਦੇ ਨੇੜੇ ਸਾਲਾਂ ਤੋਂ ਬਿਨ੍ਹਾਂ ਰੇਲਿੰਗ ਦਾ ਪੁਲ, ਪ੍ਰਸ਼ਾਸਨ ਬੇਪਰਵਾਹ
Publish Date: Wed, 11 Mar 2026 03:18 PM (IST)
Updated Date: Wed, 11 Mar 2026 03:21 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ: ਮੱਲਾਂਵਾਲਾ ਦੇ ਨਜ਼ਦੀਕੀ ਪਿੰਡ ਜੈਮਲਵਾਲਾ ਵਿਚ ਨਹਿਰ ਉੱਤੇ ਬਣਿਆ ਪੁਲ ਪਿਛਲੇ ਕਈ ਸਾਲਾਂ ਤੋਂ ਬਿਨਾ ਰੇਲਿੰਗ ਦੇ ਖੜ੍ਹਾ ਹੈ। ਇਹ ਪੁਲ ਨਾ ਸਿਰਫ਼ ਸਥਾਨਕ ਲੋਕਾਂ ਲਈ ਸਗੋਂ ਹਰ ਰੋਜ਼ ਇੱਥੋਂ ਲੰਘਣ ਵਾਲੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਵੀ ਵੱਡਾ ਖਤਰਾ ਬਣਿਆ ਹੋਇਆ ਹੈ। ਇਹ ਪੁਲ ਇਲਾਕੇ ਦੇ ਕਈ ਪਿੰਡਾਂ ਨੂੰ ਜੋੜਨ ਵਾਲਾ ਮੁੱਖ ਰਸਤਾ ਹੈ। ਜੈਮਲਵਾਲਾ, ਰੁਕਨੇ ਵਾਲਾ, ਕਮਾਲਾ ਬੋਦਲਾ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਇਸੇ ਪੁਲ ਰਾਹੀਂ ਹਰ ਰੋਜ਼ ਆਉਣਾ-ਜਾਣਾ ਕਰਦੇ ਹਨ। ਸਵੇਰੇ ਅਤੇ ਸ਼ਾਮ ਦੇ ਸਮੇਂ ਸਕੂਲ ਬੱਸਾਂ, ਦੋ ਪਹੀਆ ਵਾਹਨ, ਕਾਰਾਂ ਅਤੇ ਟਰੈਕਟਰ-ਟਰਾਲੀਆਂ ਦੀ ਆਵਾਜਾਈ ਜ਼ਿਆਦਾ ਰਹਿੰਦੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇਹ ਪੁਲ ਬਣਾਇਆ ਗਿਆ ਸੀ, ਉਸ ਸਮੇਂ ਤੋਂ ਹੀ ਇਸ ਉੱਤੇ ਸੁਰੱਖਿਆ ਲਈ ਰੇਲਿੰਗ ਨਹੀਂ ਲਗਾਈ ਗਈ। ਸਮੇਂ ਦੇ ਨਾਲ ਪੁਲ ਦੀ ਹਾਲਤ ਹੋਰ ਵੀ ਖਰਾਬ ਹੋ ਚੁੱਕੀ ਹੈ। ਪੁਲ ਦੇ ਕਿਨਾਰਿਆਂ ਉੱਤੇ ਕਈ ਥਾਵਾਂ ਤੇ ਟੁੱਟ-ਫੁੱਟ ਵੀ ਨਜ਼ਰ ਆਉਂਦੀ ਹੈ, ਜਿਸ ਕਾਰਨ ਵਾਹਨ ਚਾਲਕਾਂ ਲਈ ਸੰਤੁਲਨ ਬਣਾਈ ਰੱਖਣਾ ਮੁਸ਼ਕਲ ਹੋ ਜਾਂਦਾ ਹੈ। ਰਾਤ ਦੇ ਸਮੇਂ ਅਤੇ ਕੋਹਰੇ ਦੇ ਮੌਸਮ ਵਿੱਚ ਇਹ ਖਤਰਾ ਹੋਰ ਵੀ ਵੱਧ ਜਾਂਦਾ ਹੈ। ਕੋਹਰੇ ਦੌਰਾਨ ਦ੍ਰਿਸ਼ਟਤਾ ਘੱਟ ਹੋਣ ਕਾਰਨ ਪੁਲ ਦਾ ਕਿਨਾਰਾ ਸਾਫ਼ ਨਹੀਂ ਦਿਸਦਾ। ਇੱਥੇ ਨਾ ਤਾਂ ਕਿਸੇ ਤਰ੍ਹਾਂ ਦਾ ਚੇਤਾਵਨੀ ਬੋਰਡ ਲਗਾਇਆ ਗਿਆ ਹੈ ਅਤੇ ਨਾ ਹੀ ਰਿਫਲੈਕਟਰ ਜਾਂ ਹੋਰ ਸੁਰੱਖਿਆ ਸੰਕੇਤ ਮੌਜ਼ੂਦ ਹਨ। ਇਸ ਕਰਕੇ ਵਾਹਨ ਚਾਲਕ ਅੰਦਾਜ਼ੇ ਨਾਲ ਹੀ ਪੁਲ ਪਾਰ ਕਰਨ ਲਈ ਮਜ਼ਬੂਰ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇ ਕੋਈ ਵਾਹਨ ਬੇਕਾਬੂ ਹੋ ਗਿਆ ਤਾਂ ਉਹ ਸਿੱਧਾ ਨਹਿਰ ਵਿੱਚ ਡਿੱਗ ਸਕਦਾ ਹੈ। ਪਿੰਡ ਜੈਮਲਵਾਲਾ ਦੇ ਨਿਵਾਸੀ ਕੁਲਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਸਮੱਸਿਆ ਬਾਰੇ ਕਈ ਵਾਰ ਪ੍ਰਸ਼ਾਸਨ ਅਤੇ ਵਿਭਾਗੀ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ, ਪਰ ਹਰ ਵਾਰ ਸਿਰਫ਼ ਭਰੋਸਾ ਹੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਦੀਆਂ ਬੱਸਾਂ ਵੀ ਇਸੇ ਪੁਲ ਤੋਂ ਲੰਘਦੀਆਂ ਹਨ, ਜਿਸ ਕਰਕੇ ਮਾਪਿਆਂ ਵਿਚ ਹਮੇਸ਼ਾ ਚਿੰਤਾ ਬਣੀ ਰਹਿੰਦੀ ਹੈ। ਉੱਥੇ ਹੀ ਪਿੰਡ ਰੁਕਨੇ ਵਾਲਾ ਦੇ ਨਿਵਾਸੀ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲ ਉੱਤੇ ਪਹਿਲਾਂ ਵੀ ਛੋਟੇ-ਮੋਟੇ ਹਾਦਸੇ ਹੋ ਚੁੱਕੇ ਹਨ, ਪਰ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਰੇਲਿੰਗ ਲਗਾ ਦਿੱਤੀ ਜਾਂਦੀ ਤਾਂ ਇਨ੍ਹਾਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਸੀ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਨਹਿਰ ਉੱਤੇ ਬਣੇ ਇਸ ਪੁਲ ਉੱਤੇ ਤੁਰੰਤ ਰੇਲਿੰਗ ਲਗਾਈ ਜਾਵੇ, ਚਿਤਾਵਨੀ ਬੋਰਡ ਲਗਾਏ ਜਾਣ ਅਤੇ ਪੁਲ ਦੀ ਮੁਰੰਮਤ ਕਰਵਾਈ ਜਾਵੇ। ਜੇ ਜਲਦੀ ਕਦਮ ਨਾ ਚੁੱਕੇ ਗਏ ਤਾਂ ਭਵਿੱਖ ਵਿਚ ਕਿਸੇ ਵੱਡੀ ਦੁਰਘਟਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।