ਵਿਸਾਖੀ ਮੌਕੇ ਲਗਾਇਆ ਖੂਨਦਾਨ ਕੈਂਪ ਤੇ ਕਰਵਾਏ ਦਸਤਾਰ ਮੁਕਾਬਲੇ
ਵਿਸਾਖੀ ਮੌਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਵਿਖੇ ਲਗਾਇਆ ਖੂਨਦਾਨ ਕੈਂਪ ਅਤੇ ਕਰਵਾਏ ਦਸਤਾਰ ਮੁਕਾਬਲੇ
Publish Date: Wed, 15 Apr 2026 05:16 PM (IST)
Updated Date: Wed, 15 Apr 2026 05:18 PM (IST)

ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ ਮੁੱਦਕੀ : ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਵਿਖੇ ਧਾਰਮਿਕ ਅਤੇ ਸਮਾਜ ਸੇਵੀ ਪ੍ਰੋਗਰਾਮ ਉਤਸ਼ਾਹ ਨਾਲ ਕਰਵਾਏ ਗਏ। ਇਸ ਮੌਕੇ ਜਿੱਥੇ ਖੂਨਦਾਨ ਕੈਂਪ ਲਗਾ ਕੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ ਗਿਆ, ਉੱਥੇ ਹੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿਚ ਇਲਾਕੇ ਦੇ ਉੱਘੇ ਨੌਜਵਾਨ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂਆਂ ਦੀ ਹੌਂਸਲਾ ਅਫਜ਼ਾਈ ਕੀਤੀ। ਦਸਤਾਰ ਅਤੇ ਦੁਮਾਲਾ ਮੁਕਾਬਲਿਆਂ ਵਿਚ ਬੱਚਿਆਂ ਅਤੇ ਨੌਜਵਾਨਾਂ ਨੇ ਭਾਰੀ ਉਤਸ਼ਾਹ ਦਿਖਾਇਆ। ਮੁਕਾਬਲਿਆਂ ਨੂੰ ਵੱਖ-ਵੱਖ ਉਮਰ ਵਰਗਾਂ ਵਿਚ ਵੰਡਿਆ ਗਿਆ ਸੀ ਜਿਨ੍ਹਾਂ ਵਿਚ ਦਸਤਾਰ ਮੁਕਾਬਲੇ 7 ਤੋਂ 14 ਸਾਲ ਅਤੇ 14 ਤੋਂ 20 ਸਾਲ ’ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਨੂੰ 3100 ਰੁਪਏ, ਦੂਜਾ ਸਥਾਨ ਹਾਸਲ ਕਰਨ ਵਾਲੇ 2100 ਰੁਪਏ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਨੂੰ 1100 ਰੁਪਏ ਦਿੱਤੇ ਗਏ। ਇਸੇ ਤਰ੍ਹਾਂ ਦੁਮਾਲਾ ਮੁਕਾਬਲੇ ਲੜਕੇ ਅਤੇ ਲੜਕੀਆਂ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਨੂੰ 3100 ਰੁਪਏ, ਦੂਜਾ ਸਥਾਨ ਹਾਸਲ ਕਰਨ ਵਾਲੇ ਨੂੰ 2100 ਰੁਪਏ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਨੂੰ 1100 ਰੁਪਏ ਦਿੱਤੇ ਗਏ। ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਸੇਖੋਂ ਨੇ ਜੇਤੂਆਂ ਨੂੰ ਨਕਦ ਇਨਾਮ ਅਤੇ ਸਨਮਾਨ ਚਿੰਨ੍ਹ ਭੇਟ ਕਰਦਿਆਂ ਕਿਹਾ ਕਿ ਦਸਤਾਰ ਸਾਡਾ ਮਾਣ ਹੈ ਅਤੇ ਅਜਿਹੇ ਮੁਕਾਬਲੇ ਨੌਜਵਾਨਾਂ ਵਿਚ ਸਿੱਖੀ ਸਰੂਪ ਪ੍ਰਤੀ ਪ੍ਰੇਮ ਪੈਦਾ ਕਰਦੇ ਹਨ। ਉਨ੍ਹਾਂ ਨੇ ਖੂਨਦਾਨ ਕਰਨ ਵਾਲੇ ਵਾਲੰਟੀਅਰਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸ਼ੇਰ ਸਿੰਘ ਦੀ ਰਹਿਨੁਮਾਈ ਹੇਠ ਪ੍ਰਬੰਧ ਮੁਕੰਮਲ ਕੀਤੇ ਗਏ ਸਨ। ਸਮਾਗਮ ਦੌਰਾਨ ਜਸਵਿੰਦਰ ਸਿੰਘ ਬੱਬੂ ਭੈਲ, ਹਰਦੀਪ ਸਿੰਘ ਸੇਖੋਂ, ਮਨਵੀਰ ਸਿੰਘ ਮਨੀ ਸੇਖੋਂ ਜ਼ਿਲ੍ਹਾ ਪਲਾਨਿੰਗ ਅਫਸਰ, ਫਤਿਹਗੜ੍ਹ ਸਾਹਿਬ, ਦਲੇਰ ਸਿੰਘ ਭੈਲ, ਪਵਿੱਤਰ ਸਿੰਘ ਭੈਲ, ਮਾਸਟਰ ਵਿੱਕੀ, ਗੁਰਜੰਟ ਸਿੰਘ ਮੈਨੇਜਰ, ਅਤੇ ਅਮਰੀਕ ਸਿੰਘ ਮੈਂਬਰ ਗੁਰਪ੍ਰੀਤ ਸਿੰਘ ਸੇਖੋਂ ਟੀਮ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਸੁਲਤਾਨ ਸਿੰਘ, ਧਰਮਿੰਦਰ ਸਿੰਘ ਟਿੱਬੀ, ਵਿੱਕੀ ਸਿੰਘ ਅਤੇ ਗੁਰਦੁਆਰਾ ਕਮੇਟੀ ਦੇ ਹੋਰ ਮੈਂਬਰਾਂ ਨੇ ਵੀ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਪ੍ਰਬੰਧਕਾਂ ਵੱਲੋਂ ਆਈਆਂ ਹੋਈਆਂ ਸਖਸ਼ੀਅਤਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ।