ਪੰਜਾਬ ਸਰਕਾਰ ਔਰਤਾਂ ਦੀ ਸਿਹਤ ਤੇ ਰੁਜ਼ਗਾਰ ਲਈ ਕਰ ਰਹੀ ਅਹਿਮ ਉਪਰਾਲੇ : ਵਿਧਾਇਕ ਸਰਾਰੀ
ਔਰਤਾਂ ਲਈ ਸਿਹਤ ਅਤੇ ਰੋਜ਼ਗਾਰ ਸਬੰਧੀ ਬਲਾਕ ਪੱਧਰੀ ਕੈਂਪ ਆਯੋਜਿਤ
Publish Date: Tue, 06 Jan 2026 05:13 PM (IST)
Updated Date: Tue, 06 Jan 2026 05:14 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਰਹਿਨੁਮਾਈ ਹੇਠ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਔਰਤਾਂ ਲਈ ਸਿਹਤ ਅਤੇ ਰੋਜ਼ਗਾਰ ਸਬੰਧੀ ਬਲਾਕ ਪੱਧਰੀ ਕੈਂਪ ਐੱਚਕੇਐੱਲ ਕਾਲਜ ਆਫ ਨਰਸਿੰਗ ਐਂਡ ਐਜੂਕੇਸ਼ਨ ਗੁਰੂਹਰਸਹਾਏ ਵਿਖੇ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿਧਾਇਕ ਗੁਰੂਹਰਸਹਾਏ ਫੌਜ਼ਾ ਸਿੰਘ ਸਰਾਰੀ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਆਪਣੇ ਸੰਬੋਧਨ ਵਿਚ ਵਿਧਾਇਕ ਫੌਜ਼ਾ ਸਿੰਘ ਸਰਾਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਔਰਤਾਂ ਦੀ ਭਲਾਈ ਲਈ ਵਚਨਬੱਧ ਹੈ। ਇਸ ਮੌਕੇ ਮਹਿਲਾਵਾਂ ਦੇ ਵੱਡੇ ਇਕੱਠ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਅਤੇ ਰੁਜ਼ਗਾਰ ਦੇ ਮੌਕੇ ਦੇਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਤਰ੍ਹਾਂ ਦੇ ਕੈਂਪ ਲਗਾ ਕੇ ਔਰਤਾਂ ਨੂੰ ਸਿਹਤ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਰਿਚਕਾ ਨੰਦਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਿਹਤ ਜਾਂਚ ਕੈਂਪ ਲਗਾਇਆ ਗਿਆ ਜਿਸ ਵਿਚ 98 ਮਹਿਲਾਵਾਂ ਦੀ ਸਿਹਤ ਜਾਂਚ ਕੀਤੀ ਗਈ। ਇਸ ਤੋਂ ਬਿਨਾਂ ਵੱਖ ਵੱਖ ਸਵੈ ਸਹਾਇਤਾ ਸਮੂਹਾਂ ਵੱਲੋਂ ਆਪਣੇ ਸਮਾਨ ਦੀ ਵਿਕਰੀ ਲਈ ਸਟਾਲਾਂ ਲਗਾਈਆਂ ਗਈਆਂ ਸਨ। ਇਸ ਦੌਰਾਨ ਸਕੂਲੀ ਵਿਦਿਆਰਥਨਾਂ ਤੇ ਬੱਚਿਆਂ ਵੱਲੋਂ ਵੱਖ-ਵੱਖ ਗਤੀਵਿਧੀਆਂ ਜਿਸ ਵਿੱਚ ਲੋਕ ਗੀਤ, ਜਿੰਮਨਾਸਟਿਕ, ਗਿੱਧਾ ਆਦਿ ਦੀ ਵੀ ਪੇਸ਼ਕਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਕੈਂਪ ਦੌਰਾਨ ਵੀ ਜਿੱਥੇ ਸਿਹਤ ਜਾਂਚ ਲਈ ਮਾਹਰ ਡਾਕਟਰ ਤੈਨਾਤ ਕੀਤੇ ਗਏ ਸਨ ਉੱਥੇ ਹੀ ਹੋਰ ਵੀ ਵੱਖ-ਵੱਖ ਸਕੀਮਾਂ ਦੇ ਲਾਭ ਮੌਕੇ ਤੇ ਦਿੱਤੇ ਗਏ ਹਨ। ਇਸ ਤੋਂ ਇਲਾਵਾ ਰੋਜ਼ਗਾਰ ਦਫ਼ਤਰ ਵਲੋਂ ਵਿਸ਼ੇਸ਼ ਤੌਰ ਤੇ ਕੰਪਨੀਆਂ ਨੂੰ ਬੁਲਾ ਕੇ ਲੜਕੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਧਾਨ ਕੀਤੇ ਅਤੇ ਮੌਕੇ ਤੇ 26 ਨਿਯੁਕਤੀ ਪੱਤਰ ਵੀ ਦਿੱਤੇ ਗਏ।ਇਸ ਮੌਕੇ 11 ਬੁਢਾਪਾ ਅਤੇ ਵਿਧਵਾ ਔਰਤਾਂ ਨੂੰ ਮਨਜ਼ੂਰੀ ਪੱਤਰ ਮੌਕੇ ਤੇ ਦਿੱਤੇ ਗਏ। ਇਸ ਮੌਕੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਗੁਰੂਹਰਸਹਾਏ ਕਰਨ ਬਰਾੜ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।