ਮੌਸਮ ਦੀ ਮਾਰ ਤੇ ਹਾਕਮਾਂ ਦੀ ਬੇਰੁੱਖੀ ਕਾਰਨ ਖੌਫ ’ਚ ਅੰਨਦਾਤਾ
ਮੌਸਮ ਦੀ ਮਾਰ ਤੇ ਹਾਕਮਾਂ ਦੀ ਬੇਰੁੱਖੀ ਕਾਰਣ ਖੌਫ ’ਚ ਅੰਨ੍ਹਦਾਤਾ
Publish Date: Wed, 15 Apr 2026 06:58 PM (IST)
Updated Date: Wed, 15 Apr 2026 07:00 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਜ਼ਿਲ੍ਹੇ ਦੀਆਂ ਮੰਡੀਆਂ ਅੰਦਰ ਕਣਕ ਦੀ ਆਮਦ ਪੂਰੇ ਜੋਰਾਂ ‘ਤੇ ਹੈ । ‘ਪੰਜਾਬੀ ਜਾਗਰਣ’ ਦੀ ਟੀਮ ਵੱਲੋਂ ਫਿਰੋਜ਼ਪੁਰ ਸ਼ਹਿਰ ਦੀ ਮੰਡੀ ਵਿਚ ਜਾ ਕੇ ਵੇਖਿਆ ਗਿਆ ਤਾਂ ਹਰ ਪਾਸੇ ਕਿਸਾਨ ਦੀ ਸੋਨੇ ਕਣਕ ਦੀਆਂ ਢੇਰ੍ਹੀਆਂ ਲੱਗੀਆਂ ਹੋਈਆਂ ਹਨ । ਮੰਡੀ ਦੇ ਚੌਧਰੀਆਂ ਤੇ ਕਾਮਿਆਂ ਵੱਲੋਂ ਪੱਖੇ ਲਾ ਲਾ ਕੇ ਕਣਕ ਨੂੰ ਬੋਰੀਆਂ ਵਿੱਚ ਭਰਨ ਯੋਗ ਤਾਂ ਬਣਾ ਰੱਖਿਆ ਹੈ , ਪਰ ਕੇਂਦਰ ਦੀਆਂ ਸਖਤ ਸ਼ਰਤਾਂ ਕਾਰਣ ਸਰਕਾਰੀ ਖਰੀਦ ਢਿੱਲ੍ਹੀ ਹੋਣ ਕਾਰਣ ਕਿਸਾਨ ਬੀਤੇ ਕਈ ਦਿਨਾਂ ਤੋਂ ਪਰੇਸ਼ਾਨ ਹੋ ਰਹੇ ਹਨ । ਇਕ ਪਾਸੇ ਮੌਸਮ ਦੀ ਮਾਰ ਅਤੇ ਆਏ ਦਿਨ ਪੈ ਰਹੇ ਮੀਂਹ ਅਤੇ ਉਤੋਂ ਕੇਂਦਰੀ ਹਾਕਮਂ ਦੀ ਬੇਰੁੱਖੀ ਕਾਰਣ ਪੰਜਾਬ ਦਾ ਅੰਨ੍ਹਦਾਤਾ ਖੌਫ ਦੇ ਸਾਏ ਹੇਠ ਨਜ਼ਰ ਆ ਰਿਹਾ ਹੈ। ਪਿੰਡ ਜਖਰਾਂਵਾ ਦੇ ਕਿਸਾਨ ਪ੍ਰੇਮ ਸਿੰਘ ਨੇ ਦੱਸਿਆ ਕਿ ਉਸ ਨੂੰ ਮੰਡੀ ਕਣਕ ਲੈ ਕੇ ਆਏ ਨੂੰ ਚਾਰ ਪੰਜ ਦਿਨ ਹੋ ਗਏ ਹਨ, ਪਰ ਕਣਕ ਨਹੀਂ ਵਿਕੀ । ਹਾਲਾਂ ਕਿ ਪ੍ਰੇਮ ਸਿੰਘ ਨੇ ਬਿਜਲੀ ਪਾਣੀ ਸਾਫ਼ ਸਫ਼ਾਈ ਜਿਹੇ ਸਰਕਾਰੀ ਪ੍ਰਬੰਧਾਂ ’ਤੇ ਸੰਤੁਸ਼ਟੀ ਜਤਾਈ ਹੈ ਪਰ, ਕਣਕ ਦੀ ਖਰੀਦ ਨਾ ਹੋਣ ਕਾਰਨ ਦਹਿਸ਼ਤ ਅਤੇ ਪਰੇਸ਼ਾਨੀ ਉਸ ਦੇ ਚਿਹਰੇ ’ਤੇ ਸਾਫ ਵੇਖੀ ਜਾ ਸੱਕਦੀ ਹੈ । ਬੁੱਧਵਾਰ ਸਵੇਰੇ ਅਸਮਾਨ ਵਿਚ ਉੱਤਰ ਵਾਲੇ ਪਾਸਿੳਂ ਆਏ ਬੱਦਲਾਂ ਵੱਲ ਵੇਖ ਕੇ ਪ੍ਰੇਮ ਸਿੰਘ ਨੇ ਆਖਿਆ , ‘‘ ਊੱਤੋਂ ਰੱਬ ਸਾਹ ਨਹੀਂ ਲੈਣ ਦਿੰਦਾ , ਹੇਠਾਂ ਆਹ ਮੰਡੀ ਆਲੇ ਕਣਕ ਹੀ ਨਹੀਂ ਖਰੀਦ ਰਹੇ। ’’ ਕੁਝ ਦਿਨ ਪਹਿਲਾਂ ਤੱਕ ਜਿਹੜਾ ਕਿਸਾਨ ਆਪਣੀ ਸੋਨੇ ਵਰਗੀ ਫਸਲ ਵੇਖ ਕੇ ਮਾਣ ਮਹਿਸੂਸ ਕਰਦਾ ਸੀ, ਅੱਜ ਉਹੀ ਕਿਸਾਨ ਆਪਣੇ ਦਾਣਿਆਂ ਨੂੰ ਹੱਥਾਂ ਵਿੱਚ ਫੜ ਕੇ ਅਫਸੋਸ ਕਰ ਰਿਹਾ ਹੈ। ਬੇਵਕਤੀ ਗਰਮੀ ਤੇ ਅਚਾਨਕ ਮੌਸਮੀ ਬਦਲਾਅ ਨੇ ਕਣਕ ਦੇ ਦਾਣੇ ਨੂੰ ਸੁੰਘੋੜ ਦਿੱਤਾ। ਉੱਤੋਂ ਅਪ੍ਰੈਲ ਮਹੀਨੇ ਵਿਚ ਆਏ ਬੇਵੱਕਤੀ ਮੀਂਹ ਦੀ ਨਮੀ ਨੇ ਇਸ ਨੂੰ ਹੋਰ ਵੀ ਨਾਜੁਕ ਬਣਾ ਦਿੱਤਾ। ਫਿਰੋਜ਼ਪੁਰ ਸ਼ਹਿਰ ਦੀ ਮੰਡੀ ਵਿੱਚ ਫੱੜ ’ਤੇ ਲੱਗੀ ਆਪਣੀ ਕਣਕ ਦੀ ਢੇਰ੍ਹੀ ਕੋਲ ਬੈਠੇ ਛੋਟੇ ਕਿਸਾਨ ਸਤਨਾਮ ਸਿੰਘ ਨਾਮੀ ਕਦੇ ਆਪਣੀ ਕਣਕ ਨੂੰ ਵੇਖਦਾ ਹੈ ਅਤੇ ਕਦੇ ਮੰਡੀ ਬੋਰਡ ਦਫਤਰ ਵੱਲ ਇਸ ਉਮੀਂਦ ਨਾਲ ਕਿ ਕਿਸੇ ਖਰੀਦ ਅਜੈਂਸੀ ਦਾ ਕੋਈ ਅਧਿਕਾਰੀ ਉਸ ਦੀ ਕਣਕ ਖਰੀਦਣ ਲਈ ਆ ਰਿਹਾ ਹੋਵੇ। ਦੂਜੇ ਪਾਸੇ ਖਰੀਦ ਏਜੰਸੀਆਂ ਨਮੀ ਤੇ ਸੁੰਘੜੇ ਦਾਣੇ ਦਾ ਹਵਾਲਾ ਦੇ ਕੇ ਪਿੱਛੇ ਹਟ ਰਹੀਆਂ ਹਨ। ਸਤਨਾਮ ਨਾਮੀ ਆਖਦਾ ਹੈ ਕਿ ਕਿਸਾਨ ਲਈ ਇਹ ਸਿਰਫ਼ ਨਿਯਮ ਨਹੀਂ, ਇਹ ਉਸ ਦੀ ਜਿੰਦਗੀ ਦਾ ਸਵਾਲ ਹੈ। ਉਹ ਪੁੱਛਦਾ ਹੈ, “ਜੇ ਕੁਦਰਤ ਨੇ ਮਾਰ ਦਿੱਤੀ, ਤਾਂ ਕੀ ਸਰਕਾਰ ਵੀ ਹੱਥ ਪਿੱਛੇ ਖਿੱਚ ਲਵੇਗੀ ?” ਜੇ ਇਹੀ ਹਾਲਤ ਰਹੀ, ਤਾਂ ਸਿਰਫ਼ ਕਿਸਾਨ ਹੀ ਨਹੀਂ, ਆੜ੍ਹਤੀ ਤੇ ਮਜ਼ਦੂਰ ਵੀ ਪ੍ਰਭਾਵਿਤ ਹੋਣਗੇ। ਫਿਰੋਜ਼ਪੁਰ ਦਾ ਕਿਸਾਨ ਅੱਜ ਮੰਡੀਆਂ ਵਿੱਚ ਬੈਠਾ ਹੈ, ਕੱਲ੍ਹ ਇਹ ਗੁੱਸਾ ਸੜਕਾਂ ’ਤੇ ਵੀ ਨਜ਼ਰ ਆ ਸਕਦਾ ਹੈ।ਮੰਗਲਵਾਰ ਸ਼ਾਮ ਤੱਕ ਮਿਲੇ ਪੰਜਾਬ ਮੰਡੀ ਬੋਰਡ ਦੇ ਤਾਜ਼ਾ ਅੰਕੜਿਆਂ ਅਨੁਸਾਰ ਮੰਡੀਆਂ ਵਿਚ ਹੁਣ ਤੱਕ 40,175 ਮੀਟਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਪਰ ਕੇਂਦਰੀ ਸਖਤੀ ਦੇ ਬਾਵਜੂਦ ਇਸ ਵਿੱਚੋਂ 620 ਮੀਟਰਿਕ ਟਨ ਫਸਲ ਖਰੀਦੀ ਗਈ ਹੈ। ਮੰਡੀਆਂ ’ਚ ਬਿਜਲੀ ਪਾਣੀ,ਬਾਰਦਾਨੇ ਦੇ ਪ੍ਰਬੰਧ ਮੁਕੰਮਲ : ਡੀਸੀ ਇਸ ਸਬੰਧੀ ਪੁੱਛੇ ਜਾਣ ’ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਦੱਸਿਆ ਕਿ ਮੰਡੀਆਂ ਵਿਚ ਸਾਰੇ ਪ੍ਰਬੰਧ ਮੁਕੰਮਲ ਹਨ। ਬਿਜਲੀ ਪਾਣੀ , ਸਾਫ ਸਫਾਈ ਤੋਂ ਲੈ ਕੇ ਬਾਰਦਾਨਾ ਤੱਕ ਸੱਭ ਕੁੱਝ ਮੰਡੀਆਂ ਵਿਚ ਪਹੁੰਚਾਇਆ ਜਾ ਚੁੱਕਾ ਹੈ। ਉਨ੍ਹਾਂ ਖਰੀਦ ਅਜੈਂਸੀਆਂ ਦੇ ਅਧਿਕਾਰੀਆਂ ਨੂੰ ਕਣਕ ਦੀ ਖਰੀਦ ਵਿਚ ਤੇਜੀ ਲਿਆਉਣ ਲਈ ਆਖ ਦਿੱਤਾ ਹੈ। ਉਨਾਂ ਦੱਸਿਆ ਕਿ ਕੇਂਦਰੀ ਅਧਿਕਾਰੀਆਂ ਦੀ ਟੀਮ ਵੱਲੋਂ ਬੀਤੇ ਦਿਨ ਕਣਕ ਦੀ ਸੈਂਪਲਿੰਗ ਲਈ ਜਾ ਚੁੱਕੀ ਹੈ। ਉਮੀਂਦ ਹੈ ਮੌਸਮੀ ਖਰਾਬੀ ਕਾਰਣ ਸੁੰਘੜ ਗਏ ਕਣਕ ਦੇ ਦਾਣੇ ਅਤੇ ਕਣਕ ਵਿਚ ਆਈ ਨਮੀਂ ਤੋਂ ਕੇਂਦਰ ਸਰਕਾਰ ਵੱਲੋਂ ਛੋਟ ਦਿੱਤੀ ਜਾਵੇਗੀ।