ਸਰਕਾਰੀ ਸਕੂਲਾਂ ਦੀਆਂ ਪ੍ਰੀਖਿਆਵਾਂ ’ਚ ਸ਼ਰੇਆਮ ਨਕਲ ਦਾ ਖੇਡ
ਸਰਕਾਰੀ ਸਕੂਲਾਂ ਦੀਆਂ ਪ੍ਰੀਖਿਆਵਾਂ ’ਚ ਸ਼ਰੇਆਮ ਨਕਲ ਦਾ ਖੇਡ, ਸਿੱਖਿਆ ਪ੍ਰਣਾਲੀ ’ਤੇ ਉੱਠੇ ਗੰਭੀਰ ਸਵਾਲ
Publish Date: Fri, 06 Mar 2026 06:01 PM (IST)
Updated Date: Fri, 06 Mar 2026 06:03 PM (IST)

ਪੱਤਰ ਪ੍ਰੇਰਕ, ਪੰਜਾਬੀਜਾਗਰਣ, ਜ਼ੀਰਾ : ਇਸ ਵੇਲੇ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲਾਂ ਵਿਚ ਚੱਲ ਰਹੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਨਕਲ ਦੇ ਮਾਮਲੇ ਸਾਹਮਣੇ ਆਉਣ ਨਾਲ ਸਿੱਖਿਆ ਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਪ੍ਰੈਸ ਕਲੱਬ ਜ਼ੀਰਾ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਕੁਝ ਪੱਤਰਕਾਰਾਂ ਵੱਲੋਂ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ ਗਿਆ, ਜਿੱਥੇ ਹਾਲਾਤ ਦੇਖ ਕੇ ਹੈਰਾਨੀ ਪ੍ਰਗਟ ਕੀਤੀ ਗਈ। ਇਸ ਦੌਰਾਨ ਮਿਲੀ ਜਾਣਕਾਰੀ ਅਨੁਸਾਰ ਕਈ ਕੇਂਦਰਾਂ ਵਿਚ ਵਿਦਿਆਰਥੀਆਂ ਨੂੰ ਸ਼ਰੇਆਮ ਨਕਲ ਕਰਵਾਈ ਜਾ ਰਹੀ ਸੀ। ਇਕ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪੱਤਰਕਾਰ ਸਵੇਰੇ ਕਰੀਬ 9.30 ਵਜੇ ਕਵਰੇਜ ਲਈ ਪਹੁੰਚੇ ਅਤੇ ਲਗਭਗ ਦੋ ਘੰਟਿਆਂ ਤੱਕ ਉਥੇ ਰਹੇ। ਇਸ ਦੌਰਾਨ ਦੇਖਿਆ ਗਿਆ ਕਿ ਪੰਜਵੀਂ ਕਲਾਸ ਦੇ ਕਈ ਵਿਦਿਆਰਥੀਆਂ ਦੀਆਂ ਉੱਤਰ ਪੱਤਰੀਆਂ ਖਾਲੀ ਪਈਆਂ ਸਨ ਅਤੇ ਉਹ ਆਪਣੇ ਬਲਬੂਤੇ ਪੇਪਰ ਕਰਨ ਵਿਚ ਅਸਮਰੱਥ ਦਿਖਾਈ ਦੇ ਰਹੇ ਸਨ। ਇਸ ਤੋਂ ਇਹ ਸਵਾਲ ਉੱਠਦਾ ਹੈ ਕਿ ਵਿਦਿਆਰਥੀਆਂ ਨੂੰ ਤਰ੍ਹਾਂ ਪੜ੍ਹਾਇਆ ਵੀ ਗਿਆ ਹੈ ਜਾਂ ਸਿਰਫ਼ ਨਕਲ ਦੇ ਆਸਰੇ ਹੀ ਉਨ੍ਹਾਂ ਨੂੰ ਪਾਸ ਕਰਵਾਉਣ ਦੀ ਪ੍ਰਥਾ ਚੱਲ ਰਹੀ ਹੈ। ਇਸ ਮਾਮਲੇ ਸਬੰਧੀ ਜਦੋਂ ਬੀਪੀਓ ਜ਼ੀਰਾ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲਾਂ ਵਿਚ ਸਾਰੀ ਪ੍ਰਕਿਰਿਆ ਠੀਕ ਤਰੀਕੇ ਨਾਲ ਚੱਲ ਰਹੀ ਹੈ ਅਤੇ ਵਿਭਾਗ ਵੱਲੋਂ ਨਿਯਮਾਂ ਮੁਤਾਬਿਕ ਸਮੇਂ-ਸਮੇਂ ‘ਤੇ ਚੈਕਿੰਗ ਵੀ ਕੀਤੀ ਜਾਂਦੀ ਹੈ।