ਧਾਰਮਿਕ ਬੇਅਦਬੀ ਰੋਕਣ ਲਈ ਸਖਤ ਕਾਨੂੰਨ ਦੀ ਮੰਗ ਨੂੰ ਲੈ ਕੇ ਬੀਕੇਯੂ ਸਿੱਧੂਪੁਰ ਨੇ ਟੋਲ ਪਲਾਜ਼ਾ ਕੀਤਾ ਫ੍ਰੀ
ਧਾਰਮਿਕ ਬੇਅਦਬੀ ਰੋਕਣ ਲਈ ਸਖਤ ਕਾਨੂੰਨ ਦੀ ਮੰਗ ਨੂੰ ਲੈ ਕੇ ਬੀਕੇਯੂ ਸਿੱਧੂਪੁਰ ਵੱਲੋਂ ਟੋਲ ਪਲਾਜਾ ਕੀਤਾ ਗਿਆ ਫਰੀ
Publish Date: Fri, 27 Feb 2026 04:46 PM (IST)
Updated Date: Fri, 27 Feb 2026 04:49 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਅੱਜ ਸਾਰੇ ਧਰਮਾਂ ਦੀਆਂ ਬੇਅਦਬੀਆਂ ਰੋਕਣ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਲੱਗੇ ਧਰਮ ਯੁੱਧ ਮੋਰਚਾ ਸਮਾਣਾ ਦੀ ਹਮਾਇਤ ਵਿਚ ਅਤੇ ਧਰਮ ਯੁੱਧ ਮੋਰਚਾ ਸਮਾਣਾ ਵਿਚ ਜਾਣ ਵਾਲੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਗ੍ਰਿਫਤਾਰ ਕਰਨ ਅਤੇ ਧਰਮ ਯੁੱਧ ਮੋਰਚਾ ਸਮਾਣਾ ਵਿਖੇ ਲੋਕਾਂ ਨੂੰ ਜਾਣ ਤੋਂ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਛਾਪੇ ਮਾਰ ਕੇ ਪਿੰਡਾਂ ਵਿਚ ਪੈਦਾ ਕੀਤੇ ਜਾ ਰਹੇ ਦਹਿਸ਼ਤ ਦੇ ਮਾਹੌਲ ਦੇ ਰੋਸ ਵਜੋਂ ਅੱਜ ਪੰਜਾਬ ਭਰ ਦੇ ਟੋਲ ਪਲਾਜੇ ਫਰੀ ਕੀਤੇ ਗਏ। ਟੋਲ ਟੈਕਸ ਫਿਰੋਜ਼ਸਾਹ ਟੋਲ ਪਲਾਜ਼ਾ ਕੋਟ ਕਰੋੜ ਜ਼ਿਲ੍ਹਾ ਫਿਰੋਜ਼ਪੁਰ ਨੂੰ ਫਰੀ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂਆਂ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਖਾਲਸਾ ਪਿਛਲੇ ਕਰੀਬ ਸਵਾ ਪੰਜ ਸੌ ਦਿਨਾਂ ਤੋਂ ਟਾਵਰ ਉੱਪਰ ਬੈਠੇ ਹਨ ਅਤੇ ਧਰਮ ਯੁੱਧ ਮੋਰਚਾ ਸਮਾਣਾ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਭ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਰੋਕਣ ਲਈ ਸਖਤ ਕਾਨੂੰਨ ਦੀ ਮੰਗ ਨੂੰ ਲੈ ਕੇ ਟਰੈਕਟਰ ਟਰਾਲੀਆਂ ਅਤੇ ਹੋਰ ਸਾਧਨਾਂ ਰਾਹੀਂ ਸਮਾਣਾ ਵਿਖੇ ਚੱਲ ਰਹੇ ਮੋਰਚੇ ਵਿਚ ਹਰ ਰੋਜ ਪਹੁੰਚਣ ਦਾ ਪ੍ਰੋਗਰਾਮ ਦਿੱਤਾ ਹੋਇਆ ਹੈ, ਪਰ ਪੰਜਾਬ ਸਰਕਾਰ ਵੱਲੋਂ ਬੇਅਦਬੀ ਦੇ ਦੋਸ਼ੀਆਂ ਨੂੰ ਮਿਸਾਲੀ ਸਜਾਵਾਂ ਦੇਣ ਲਈ ਸਖਤ ਕਾਨੂੰਨ ਬਣਾਉਣ ਦੀ ਬਜਾਏ ਧਰਮ ਯੁੱਧ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਜਾਣ ਵਾਲੇ ਲੋਕਾਂ ਨੂੰ ਹੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਜਿਹੜੀ ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸੀ ਅੱਜ ਉਹ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਧਰਮ ਯੁੱਧ ਮੋਰਚਾ ਸਮਾਣਾ ਵਿਖੇ ਪੰਜਾਬ ਭਰ ਦੇ ਲੋਕਾਂ ਨੂੰ ਜਾਣ ਤੋਂ ਰੋਕਣ ਲਈ ਲੋਕਾਂ ਦੇ ਘਰਾਂ ਵਿੱਚ ਪੁਲਿਸ ਭੇਜ ਕੇ ਛਾਪੇਮਾਰੀ ਕਰ ਰਹੀ ਹੈ। ਇਸ ਤੋਂ ਕਿ ਸਮਝਿਆ ਜਾਵੇ ਕੇ ਆਮ ਆਦਮੀ ਪਾਰਟੀ ਸਰਕਾਰ ਧਾਰਮਿਕ ਗ੍ਰੰਥਾਂ ਦੀਆ ਬੇਅਦਬੀਆਂ ਰੋਕਣ ਲਈ ਸਖਤ ਕਾਨੂੰਨ ਨਹੀਂ ਬਣਾਉਣਾ ਚਾਹੁੰਦੀ ਅਤੇ ਕਿ ਇਹ ਪੰਜਾਬ ਸਰਕਾਰ ਦੀ ਲੋਕਾਂ ਦੇ ਘਰਾਂ ਵਿੱਚ ਮਾਰੇ ਜਾ ਰਹੇ ਛਾਪਿਆਂ ਦੀ ਇਸ ਕਾਰਵਾਈ ਤੋਂ ਇਹ ਨਾਂ ਸਮਝਿਆ ਜਾਵੇ ਕਿ ਜਿੰਨੀਆਂ ਵੀ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਹੋਈਆਂ ਨੇ ਜਾਂ ਹੋ ਰਹੀਆਂ ਨੇ ਕਿ ਇਨ੍ਹਾਂ ਵਿਚ ਸਰਕਾਰਾਂ ਦਾ ਹੀ ਹੱਥ ਹੈ, ਕਿ ਪੰਜਾਬ ਸਰਕਾਰ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਰੋਕਣ ਸਬੰਧੀ ਸਖਤ ਕਾਨੂੰਨ ਦੀ ਮੰਗ ਨੂੰ ਲੈ ਕੇ ਲੱਗੇ ਧਰਮ ਯੁੱਧ ਮੋਰਚਾ ਸਮਾਣਾ ਨੂੰ ਤਾਰਪੀਡੋ ਕਰਨ ਵਾਸਤੇ ਪੁਲਿਸ ਬਲ ਦਾ ਪ੍ਰਯੋਗ ਕਰਕੇ ਡਰ ਦਾ ਮਾਹੌਲ ਪੈਦਾ ਨਹੀਂ ਕਰ ਰਹੀ ਹੈ। ਇਸ ਮੌਕੇ ਜ਼ਿਲ੍ਹਾ ਕਮੇਟੀ ਆਗੂ ਰਣਜੀਤ ਸਿੰਘ ਪੱਛਮੀ, ਸਾਬ ਸਿੰਘ ਬਲਾਕ ਪ੍ਰਧਾਨ ਮਮਦੋਟ ਜਸਕਰਨ ਸਿੰਘ ਯੂਥ ਆਗੂ ਗੁਰੂਹਰਸਹਾਏ, ਜਸਮੇਲ ਸਿੰਘ ਬਲਾਕ ਪ੍ਰਧਾਨ ਗੁਰੂਹਰਸਹਾਏ, ਜੱਜ ਸਿੰਘ ਹਾਮਦ ਸਲਾਹਕਾਰ ਬਲਾਕ ਮਮਦੋਟ, ਬਲਵੀਰ ਸਿੰਘ ਜ਼ਿਲ੍ਹਾ ਸਲਾਹਕਾਰ, ਗੁਰਮੀਤ ਸਿੰਘ ਬਲਾਕ ਆਗੂ ਸ਼ਹਿਰੀ ਤੋਂ ਇਲਾਵਾ ਸਮੂਹ ਪਿੰਡਾਂ ਦੇ ਇਕਾਈ ਪ੍ਰਧਾਨ ਅਤੇ ਮੈਂਬਰ ਮੌਜ਼ੂਦ ਸਨ।