ਦੂਜੇ ਜ਼ਿਲ੍ਹੇ ਤੋਂ ਰੋਜ਼ਾਨਾ ਆਉਂਦੇ ਪਨੀਰ ਤੇ ਮਠਿਆਈਆਂ ਦੀ ਗੱਡੀ ’ਤੇ ਮਰਵਾਇਆ ਛਾਪਾ
ਦੂਜੇ ਜ਼ਿਲ੍ਹੇ ਵਿਚੋਂ ਰੋਜ਼ਾਨਾ ਆਉਂਦੇ ਪਨੀਰ ਅਤੇ ਮਠਿਆਈਆਂ ਦੀ ਗੱਡੀ ਤੇ ਬੀਕੇਯੂ ਕਾਦੀਆਂ ਨੇ ਮਰਵਾਇਆ ਛਾਪਾ
Publish Date: Wed, 11 Mar 2026 05:54 PM (IST)
Updated Date: Wed, 11 Mar 2026 05:57 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਦੇ ਘੰਟਾ ਘਰ ਚੌਂਕ ਵਿਚ ਬੀਕੇਯੂ ਕਾਦੀਆਂ ਵੱਲੋਂ ਫੂਡ ਸੇਫਟੀ ਦੀ ਟੀਮ ਨੂੰ ਨਾਲ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਜ਼ੀਰਾ ਇਲਾਕੇ ਦੀਆਂ ਵੱਖ-ਵੱਖ ਦੁਕਾਨਾਂ ਤੇ ਪਨੀਰ ਅਤੇ ਕਈ ਪ੍ਰਕਾਰ ਦੀਆਂ ਮਠਿਆਈਆਂ ਸਪਲਾਈ ਕਰਨ ਵਾਲੀ ਗੱਡੀ ਨੂੰ ਰੋਕ ਕੇ ਸਮਾਨ ਦੇ ਸੈਂਪਲ ਭਰੇ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਨ੍ਹੇਰ, ਦਰਸ਼ਨ ਸਿੰਘ ਐਗਜੈਕਟਿਵ ਮੈਂਬਰ ਪੰਜਾਬ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਜ਼ਿਲ੍ਹਾ ਮੀਤ ਪ੍ਰਧਾਨ, ਮਨਦੀਪ ਸਿੰਘ ਅਲੀਪੁਰ ਸਕੱਤਰ ਜ਼ਿਲ੍ਹਾ ਫਿਰੋਜ਼ਪੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਇਹ ਪਨੀਰ ਅਤੇ ਮਠਿਆਈਆਂ ਕਈ ਮਹੀਨਿਆਂ ਤੋਂ ਜ਼ੀਰਾ ਇਲਾਕੇ ਵਿੱਚ ਹੀ ਨਹੀਂ ਬਲਕਿ ਹੋਰ ਸ਼ਹਿਰਾਂ ਵਿਚ ਵੀ ਸਪਲਾਈ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕਈ ਦਿਨਾਂ ਤੋਂ ਕਿਸਾਨ ਇਸ ਗੱਡੀ ਨੂੰ ਫੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਫੂਡ ਸੇਫਟੀ ਵਿਭਾਗ ਦੀ ਟੀਮ ਨਾ ਹੋਣ ਕਰਕੇ ਇਹ ਸਾਰੀ ਯੋਜਨਾ ਅਸਫਲ ਹੋ ਜਾਂਦੀ ਸੀ। ਅੱਜ ਜਦੋਂ ਜ਼ਿਲ੍ਹਾ ਸਿਹਤ ਅਫਸਰ ਡਾ. ਅਮਰਵੀਰ ਸਿੰਘ ਸਿੱਧੂ ਅਤੇ ਫੂਡ ਸੇਫਟੀ ਅਫਸਰ ਡਾ. ਸਰਬਜੀਤ ਕੌਰ ਵੱਲੋਂ ਗੱਡੀ ਨੂੰ ਰੋਕਿਆ ਗਿਆ ਤਾਂ ਇਸ ਵਿਚ ਵੱਡੀ ਗਿਣਤੀ ਵਿਚ ਵੱਖ- ਵੱਖ ਤਰ੍ਹਾਂ ਦੀਆਂ ਮਠਿਆਈਆਂ ਅਤੇ ਪਨੀਰ ਦੇ ਪੈਕਟ ਪਾਏ ਗਏ। ਫੂਡ ਸੇਫਟੀ ਅਫਸਰ ਵੱਲੋਂ ਇਨ੍ਹਾਂ ਸਭ ਚੀਜ਼ਾਂ ਦੇ ਸੈਂਪਲ ਭਰੇ ਗਏ।ਆਗੂਆਂ ਨੇ ਕਿਹਾ ਕਿ ਜਿੱਥੋਂ ਇਹ ਗੱਡੀ ਇੰਨੀ ਵੱਡੀ ਮਾਤਰਾ ਵਿੱਚ ਪਨੀਰ ਬਣਾ ਕੇ ਲਿਆਉਂਦੀ ਹੈ, ਇਸ ਦੇ ਮਾਲਕਾਂ ਦੇ ਪਸ਼ੂਆਂ ਦੇ ਫਾਰਮ ਕਿੱਥੇ ਬਣੇ ਹੋਏ ਹਨ ? ਜਦੋਂ ਇਹੋ ਸਵਾਲ ਗੱਡੀ ਦੇ ਮਾਲਕਾਂ ਨੂੰ ਕੀਤਾ ਗਿਆ ਤਾਂ ਇਸ ਦਾ ਉਨ੍ਹਾਂ ਕੋਲ ਕੋਈ ਤਸੱਲੀਬਖਸ਼ ਜਵਾਬ ਨਹੀਂ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖਰੀਦਦਾਰ ਨੂੰ ਵੀ ਇਹ ਅਧਿਕਾਰ ਮੁਹੱਈਆ ਕਰਾਵੇ ਕਿ ਉਹ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਚੈਕਿੰਗ ਆਪ ਕਰਵਾ ਸਕੇ। ਇਸ ਸਮੇਂ ਸਾਡੇ ਸਮਾਜ ਵਿਚ ਮਿਲਾਵਟਖੋਰੀ ਸਿਖਰ ਤੇ ਹੈ, ਜਿਸ ਨਾਲ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੋ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ. ਅਮਰਵੀਰ ਸਿੰਘ ਅਤੇ ਫੂਡ ਸੇਫਟੀ ਵਿਭਾਗ ਦੇ ਅਫਸਰ ਡਾ. ਸਰਬਜੀਤ ਕੌਰ ਨੇ ਕਿਹਾ ਕਿ ਪਨੀਰ ਅਤੇ ਮਠਿਆਈਆਂ ਦੇ ਸੈਂਪਲ ਲੈ ਲਏ ਗਏ ਹਨ, ਜੇਕਰ ਸਮਾਨ ਨਕਲੀ ਪਾਇਆ ਗਿਆ ਤਾਂ ਮਠਿਆਈ ਵਿਕਰੇਤਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਆਤਮਾ ਸਿੰਘ ਮਨਸੂਰਦੇਵਾ, ਮਹਿੰਦਰ ਸਿੰਘ ਮਨਸੂਰਦੇਵਾ, ਗੁਰਚਰਨ ਸਿੰਘ ਬਾਜਵਾ, ਭੁਪਿੰਦਰ ਸਿੰਘ ਬਲਾਕ ਪ੍ਰਧਾਨ ਮੱਖੂ ਆਦਿ ਹਾਜ਼ਰ ਸਨ।