ਧਾਰਮਿਕ ਸਮਾਗਮਾਂ ’ਚ ਦੀਪਕ ਸ਼ਰਮਾ ਨੇ ਲਗਵਾਈ ਹਾਜ਼ਰੀ
ਵੱਖ-ਵੱਖ ਧਾਰਮਿਕ ਸਮਾਗਮਾਂ ਵਿਚ ਭਾਜਪਾ ਆਗੂ ਦੀਪਕ ਸ਼ਰਮਾ ਨੇ ਲਗਵਾਈ ਆਪਣੀ ਹਾਜ਼ਰੀ
Publish Date: Sat, 11 Apr 2026 03:39 PM (IST)
Updated Date: Sat, 11 Apr 2026 03:41 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਭਾਜਪਾ ਆਗੂ ਦੀਪਕ ਸ਼ਰਮਾ ਵੱਲੋਂ ਵੱਖ-ਵੱਖ ਧਾਰਮਿਕ ਸਮਾਗਮਾਂ ਵਿਚ ਸ਼ਿਰਕਤ ਕਰਦੇ ਹੋਏ ਆਪਣੀ ਹਾਜ਼ਰੀ ਲਗਵਾਈ ਗਈ। ਇਸ ਦੌਰਾਨ ਉਹ ਸ੍ਰੀ ਮਦ ਭਾਗਵਤ ਕਥਾ ਦੇ ਸਮਾਪਣ ਮੌਕੇ ਸ਼ੀਤਲਾ ਮਾਤਾ ਮੰਦਰ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਆਰਐੱਸਐੱਸ ਦੇ ਜ਼ਿਲ੍ਹਾ ਪ੍ਰਮੁੱਖ ਸੇਵਾਦਾਰ ਨਰੇਸ਼ ਸਿਕਰੀ ਵੀ ਖ਼ਾਸ ਤੌਰ ’ਤੇ ਮੌਜ਼ੂਦ ਸਨ। ਮੰਦਰ ਵਿਚ ਦਰਸ਼ਨ ਕਰਨ ਤੋਂ ਬਾਅਦ ਦੀਪਕ ਸ਼ਰਮਾ ਨੇ ਉੱਥੇ ਪਹੁੰਚੇ ਹਿੰਦੂ ਭਾਈਚਾਰੇ ਦੇ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਸਮਾਗਮ ਦੌਰਾਨ ਲੰਗਰ ਪ੍ਰਸਾਦ ਵੀ ਗ੍ਰਹਿਣ ਕੀਤਾ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿਚ ਸ਼ਾਮਲ ਹੋਣ ਦਾ ਉਨ੍ਹਾਂ ਦਾ ਕੋਈ ਰਾਜਨੀਤਿਕ ਮਕਸਦ ਨਹੀਂ ਹੈ, ਬਲਕਿ ਉਹ ਸਿਰਫ਼ ਹਿੰਦੂ ਸੰਸਕ੍ਰਿਤੀ ਅਤੇ ਸੰਸਕਾਰਾਂ ਨਾਲ ਜੁੜਨ ਦੇ ਨਿਮਰ ਉਦੇਸ਼ ਨਾਲ ਇੱਥੇ ਪਹੁੰਚੇ ਹਨ। ਇਸ ਮੌਕੇ ਮੰਦਰ ਟਰਸਟ ਦੇ ਆਗੂਆਂ ਵੱਲੋਂ ਦੀਪਕ ਸ਼ਰਮਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਤੋਂ ਬਾਅਦ ਦੀਪਕ ਸ਼ਰਮਾ ਨੇ ਕੁੰਦਨ ਨਗਰ ਵਿਖੇ ਸਥਿਤ ਬਾਬਾ ਬਾਲਕ ਨਾਥ ਮੰਦਰ ਵਿੱਚ ਵੀ ਮੱਥਾ ਟੇਕਿਆ। ਉਨ੍ਹਾਂ ਜੀਵਨ ਜੋਤੀ ਪਬਲਿਕ ਸਕੂਲ ਤੋਂ ਸ਼ੁਰੂ ਹੋਈ ਬਾਬਾ ਬਾਲਕ ਨਾਥ ਦੀ ਸ਼ੋਭਾ ਯਾਤਰਾ ਵਿੱਚ ਵੀ ਸ਼ਿਰਕਤ ਕੀਤੀ ਅਤੇ ਸੰਗਤ ਨਾਲ ਮਿਲ ਕੇ ਧਾਰਮਿਕ ਜਸ਼ਨ ਵਿੱਚ ਭਾਗ ਲਿਆ। ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਦੀਪਕ ਸ਼ਰਮਾ ਨੇ ਕਿਹਾ ਕਿ ਭਾਜਪਾ ਇਕ ਐਸੀ ਪਾਰਟੀ ਹੈ ਜੋ ਹਰ ਧਰਮ ਦਾ ਸਤਿਕਾਰ ਕਰਦੀ ਹੈ ਅਤੇ ਆਪਣੇ ਹਰ ਵਰਕਰ ਨੂੰ ਪਰਿਵਾਰ ਵਾਂਗ ਮੰਨਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਹਮੇਸ਼ਾਂ ਸਮਾਜਿਕ ਅਤੇ ਧਾਰਮਿਕ ਸਾਂਝ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਇਸ ਤਰ੍ਹਾਂ ਦੀਪਕ ਸ਼ਰਮਾ ਦੀ ਵੱਖ-ਵੱਖ ਧਾਰਮਿਕ ਸਮਾਗਮਾਂ ਵਿਚ ਹਾਜ਼ਰੀ ਨਾਲ ਇਲਾਕੇ ਵਿੱਚ ਧਾਰਮਿਕ ਅਤੇ ਸਮਾਜਿਕ ਏਕਤਾ ਦਾ ਸੰਦੇਸ਼ ਦਿੱਤਾ ਗਿਆ।