ਪੰਡਿਤ ਦੀਨ ਦਿਆਲ ਉਪਾਧਿਆਏ ਟ੍ਰੇਨਿੰਗ ਮਹਾ ਅਭਿਆਨ ਦੀ ਸ਼ੁਰੂਆਤ
ਭਾਜਪਾ ਵੱਲੋਂ ਪੰਡਿਤ ਦੀਨ ਦਿਆਲ ਉਪਾਧਿਆਏ ਟ੍ਰੇਨਿੰਗ ਮਹਾਂ ਅਭਿਆਨ ਦੀ ਸ਼ੁਰੂਆਤ
Publish Date: Sun, 08 Feb 2026 04:09 PM (IST)
Updated Date: Sun, 08 Feb 2026 04:11 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਭਾਰਤੀ ਜਨਤਾ ਪਾਰਟੀ ਵੱਲੋਂ ਪਾਰਟੀ ਦੇ ਸੰਗਠਨਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਕਾਰਕੁਨਾਂ ਨੂੰ ਵਿਚਾਰਧਾਰਾਤਮਕ ਤੇ ਸੰਗਠਨਾਤਮਕ ਪ੍ਰਸ਼ਿਕਸ਼ਣ ਦੇਣ ਦੇ ਉਦੇਸ਼ ਨਾਲ ਪੰਡਿਤ ਦੀਨ ਦਿਆਲ ਉਪਾਧਿਆਏ ਟ੍ਰੇਨਿੰਗ ਮਹਾਂ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਪਾਰਟੀ ਵੱਲੋਂ ਇਸ ਅਭਿਆਨ ਲਈ ਮਨਜੀਤ ਸਿੰਘ ਰਾਏ ਨੂੰ ਪੰਜਾਬ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਸੂਤਰਾਂ ਅਨੁਸਾਰ ਇਹ ਟ੍ਰੇਨਿੰਗ ਮਹਾਂ ਅਭਿਆਨ ਸੂਬੇ ਭਰ ਵਿਚ ਕਈ ਪੜਾਵਾਂ ਵਿੱਚ ਚਲਾਇਆ ਜਾਵੇਗਾ, ਜਿਸ ਅਧੀਨ ਭਾਜਪਾ ਦੇ ਕਾਰਕੁਨਾਂ ਨੂੰ ਪਾਰਟੀ ਦੀ ਵਿਚਾਰਧਾਰਾ, ਨੀਤੀਆਂ, ਇਤਿਹਾਸ ਅਤੇ ਸੰਗਠਨਕ ਕਾਰਜਪ੍ਰਣਾਲੀ ਬਾਰੇ ਵਿਵਸਥਿਤ ਤਰੀਕੇ ਨਾਲ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਇਸ ਰਾਹੀਂ ਕਾਰਕੁਨਾਂ ਨੂੰ ਜ਼ਮੀਨੀ ਪੱਧਰ ’ਤੇ ਪਾਰਟੀ ਦੀ ਨੀਤੀ ਲੋਕਾਂ ਤੱਕ ਪਹੁੰਚਾਉਣ ਲਈ ਤਿਆਰ ਕੀਤਾ ਜਾਵੇਗਾ। ਪਾਰਟੀ ਆਗੂਆਂ ਨੇ ਕਿਹਾ ਕਿ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਏਕਾਤਮਕ ਮਨੁਖਤਾ ਦੇ ਸਿਧਾਂਤਾਂ ’ਤੇ ਆਧਾਰਿਤ ਇਹ ਟ੍ਰੇਨਿੰਗ ਕਾਰਜਕ੍ਰਮ ਸਮਾਜਕ ਸਮਰਸਤਾ, ਰਾਸ਼ਟਰ ਨਿਰਮਾਣ ਅਤੇ ਲੋਕ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰੇਗਾ। ਟ੍ਰੇਨਿੰਗ ਦੌਰਾਨ ਕਾਰਕੁਨਾਂ ਨੂੰ ਸੰਗਠਨਕ ਅਨੁਸ਼ਾਸਨ, ਜਨਸੰਪਰਕ ਅਤੇ ਸਮਕਾਲੀ ਚੁਣੌਤੀਆਂ ਨਾਲ ਨਜਿੱਠਣ ਸਬੰਧੀ ਵਿਹਾਰਕ ਦਿਸ਼ਾ-ਨਿਰਦੇਸ਼ ਵੀ ਦਿੱਤੇ ਜਾਣਗੇ। ਮਨਜੀਤ ਸਿੰਘ ਰਾਏ ਨੇ ਆਪਣੀ ਨਿਯੁਕਤੀ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਨਿਸ਼ਠਾ ਅਤੇ ਜ਼ਿੰਮੇਵਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ਮਹਾਂ ਅਭਿਆਨ ਨੂੰ ਸੂਬੇ ਦੇ ਹਰ ਜ਼ਿਲ੍ਹੇ ਤੱਕ ਪਹੁੰਚਾਉਣਾ ਅਤੇ ਵੱਧ ਤੋਂ ਵੱਧ ਕਾਰਕੁਨਾਂ ਦੀ ਭਾਗੀਦਾਰੀ ਯਕੀਨੀ ਬਣਾਉਣਾ ਉਨ੍ਹਾਂ ਦੀ ਪ੍ਰਾਥਮਿਕਤਾ ਰਹੇਗੀ।