ਹਾਦਸਿਆਂ ਦਾ ਵੱਡਾ ਕਾਰਨ ਬਣਦੇ ਸੜਕਾਂ ’ਤੇ ਫਿਰਦੇ ਬੇਸਹਾਰਾ ਪਸ਼ੂ
ਸੜਕਾਂ ’ਤੇ ਫਿਰਦੇ ਬੇਸਹਾਰਾ ਪਸ਼ੂਆਂ ਕਾਰਨ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ
Publish Date: Sun, 08 Feb 2026 04:07 PM (IST)
Updated Date: Sun, 08 Feb 2026 04:11 PM (IST)

ਕੇਵਲ ਅਹੂਜਾ, ਪੰਜਾਬੀ ਜਾਗਰਣ ਮਖੂ : ਸੜਕਾਂ ’ਤੇ ਬੇਸਹਾਰਾ ਫਿਰਦੇ ਪਸ਼ੂਆਂ ਕਾਰਨ ਆਏ ਦਿਨ ਵਹੀਕਲਾਂ ਵਾਲਿਆਂ ਨਾਲ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਇਨ੍ਹਾਂ ਘਟਨਾਵਾਂ ਕਾਰਨ ਵਹੀਕਲਾਂ ਵਾਲਿਆਂ ਨੂੰ ਕਈ ਤਰ੍ਹਾਂ ਦੇ ਗੰਭੀਰ ਸਿੱਟਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰੀ ਕਈ ਵਿਅਕਤੀਆਂ ਦੀਆਂ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਸੜਕਾਂ ਤੇ ਫਿਰਦੇ ਬੇਸਹਰਾ ਪਸ਼ੂਆਂ ਦੇ ਸਬੰਧ ਵਿੱਚ ਪੰਜਾਬ ਸਰਕਾਰ, ਨਗਰ ਪੰਚਾਇਤ ਅਤੇ ਪ੍ਰਸ਼ਾਸ਼ਨ ਬੇਖਬਰ ਹੋ ਕੇ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਲਗਦਾ ਹੈ। ਕਿਉਂਕਿ ਪੰਜਾਬ ਸਰਕਾਰ, ਨਗਰ ਪੰਚਾਇਤ ਅਤੇ ਪ੍ਰਸ਼ਾਸ਼ਨ ਵੱਲੋਂ ਸੜਕਾਂ ਤੇ ਫਿਰਦੇ ਬੇਸਹਾਰਾ ਪਸ਼ੂਆਂ ਦੇ ਸਬੰਧ ਵਿੱਚ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ। ਬੇਸਹਾਰਾ ਪਸ਼ੂ ਜਾਨ ਲਈ ਖਤਰਾ : ਹੀਰਾ ਖੁਰਾਣਾ ਕਰਿਆਨਾ ਯੂਨੀਅਨ ਮਖੂ ਦੇ ਪ੍ਰਧਾਨ ਹੀਰਾ ਖੁਰਾਣਾ ਨੇ ਕਿਹਾ ਕਿ ਰਾਤ ਦੇ ਸਮੇਂ ਹਨੇਰਾ ਹੋਣ ਕਾਰਨ ਸੜਕਾਂ ’ਤੇ ਬੈਠੇ ਬੇਸਹਾਰਾ ਪਸ਼ੂ ਵਹਿਕਲ ਵਾਲਿਆਂ ਨੂੰ ਨਜਰ ਨਹੀਂ ਆਉਂਦੇ ਅਤੇ ਕਈ ਵਾਰ ਸੜਕ ਕਿਨਾਰੇ ਝਾੜੀਆਂ ਵਿੱਚੋਂ ਅਚਾਨਕ ਨਿਕਲ ਕੇ ਵਹੀਕਲ ਦੇ ਅੱਗੇ ਆ ਜਾਂਦੇ ਹਨ। ਜਿਨ੍ਹਾਂ ਨੂੰ ਬਚਾਉਣ ਲਈ ਵਹਿਕਲ ਸਵਾਰ ਆਪਣੇ ਵਹੀਕਲ ਨੂੰ ਬਰੇਕ ਲਗਾਉਂਦੇ ਹਨ ਪਰ ਫਿਰ ਵੀ ਉਹ ਵਹੀਕਲ ਪਸ਼ੂ ਜਾਂ ਸੜਕ ਕਿਨਾਰੇ ਲੱਗੇ ਦਰਖਤਾਂ ਨਾਲ ਟਕਰਾ ਜਾਂਦੇ ਹਨ, ਦੋਨਾਂ ਹਲਾਤਾਂ ਵਿੱਚ ਜਿੱਥੇ ਵਹੀਕਲ ਦਾ ਨੁਕਸਾਨ ਹੁੰਦਾ ਹੈ ਉੱਥੇ ਵਹੀਕਲ ਵਿੱਚ ਬੈਠੀਆਂ ਸਵਾਰੀਆਂ ਵੀ ਜਖਮੀ ਹੋ ਜਾਂਦੀਆਂ ਹਨ ਅਤੇ ਕਦੇ ਕਦੇ ਤਾਂ ਜਾਨ ਤੋਂ ਵੀ ਖਤਰਾ ਬਣ ਜਾਂਦਾ ਹੈ। ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾ ਪਹੁੰਚਾਉਣ ਦੇ ਇੰਤਜ਼ਾਮ ਹੋਣ : ਸ਼ਿਵ ਸਾਗਰ ਸ਼ਰਮਾ ਕਾਂਗਰਸ ਕਮੇਟੀ ਬਲਾਕ ਮਖੂ ਸ਼ਹਿਰੀ ਪ੍ਰਧਾਨ ਸ਼ਿਵ ਸਾਗਰ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਅਲੱਗ ਅਲੱਗ ਸਰਕਾਰੀ ਵਿਭਾਗਾਂ ਦੇ ਜਰੀਏ ਜਨਤਾ ਤੋਂ ਗਊ ਸੈਂਸ ਦੇ ਰੂਪ ਵਿੱਚ ਕਰੋੜਾਂ ਰੁਪਏ ਟੈਕਸ ਵਸੂਲ ਕਰ ਰਹੀ ਹੈ। ਇਸ ਦਾ ਮਤਲਬ ਪੰਜਾਬ ਸਰਕਾਰ ਕੋਲ ਬੇਸਹਾਰਾ ਪਸ਼ੂਆਂ ਨੂੰ ਸੰਭਾਲਣ ਲਈ ਵੱਡੇ ਪੱਧਰ ’ਤੇ ਰਾਸ਼ੀ ਹੈ ਪਰ ਫਿਰ ਵੀ ਗਊ ਵੰਸ਼ ਭੁੱਖਾ ਭਾਣਾ ਸੜਕਾਂ ਤੇ ਫਿਰ ਰਿਹਾ ਹੈ। ਪੰਜਾਬ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੜਕਾਂ ਤੇ ਘੁੰਮਦੇ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾ ਪਹੁੰਚਾਉਣ ਦੇ ਸਾਰੇ ਇੰਤਜਾਮ ਕਰਨ ਤਾਂ ਜੋ ਲੋਕ ਇਨ੍ਹਾਂ ਪਸ਼ੂਆਂ ਦੇ ਹਾਦਸਿਆਂ ਦੇ ਸ਼ਿਕਾਰ ਹੋਣ ਤੋਂ ਬੱਚ ਸਕਣ।