ਅੱਗ ’ਤੇ ਕਾਬੂ ਪਾਉਣ ਲਈ ਵਾਹੀ ਕਣਕ, ਮੁਆਵਜ਼ੇ ਦੀ ਮੰਗ
ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਅੱਗ ’ਤੇ ਕਾਬੂ ਪਾਉਣ ਲਈ ਵਾਹੀ ਗਈ ਕਣਕ ਦੇ ਮੁਆਵਜ਼ੇ ਦੀ ਮੰਗ
Publish Date: Wed, 22 Apr 2026 04:17 PM (IST)
Updated Date: Wed, 22 Apr 2026 04:19 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ, ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਕਰਮੂਵਾਲਾ ਅਤੇ ਸੂਬਾ ਮੀਡੀਆ ਇੰਚਾਰਜ ਗੈਰੀ ਸਿੰਘ ਬੰਡਾਲਾ ਨੇ ਕਿਹਾ ਕਿ ਜਦੋਂ ਕਿਸੇ ਖੇਤ ਨੂੰ ਅਚਾਨਕ ਅੱਗ ਲੱਗਦੀ ਹੈ ਤਾਂ ਅੱਗ ਨੂੰ ਅੱਗੇ ਵਧਣ ਤੋਂ ਰੋਕਣ ਲਈ ਕਿਸਾਨਾਂ ਨੂੰ ਮਜ਼ਬੂਰਨ ਆਪਣੀ ਖੜ੍ਹੀ ਪੱਕੀ ਕਣਕ ਉੱਪਰ ਟਰੈਕਟਰ-ਤਵੀਆਂ ਫੇਰ ਕੇ ਉਸ ਨੂੰ ਵਾਹੁਣਾ ਪੈਂਦਾ ਹੈ, ਇਹ ਕਦਮ ਸਿਰਫ਼ ਆਪਣੀ ਫ਼ਸਲ ਬਚਾਉਣ ਲਈ ਹੀ ਨਹੀਂ, ਸਗੋਂ ਪੂਰੇ ਪਿੰਡ ਅਤੇ ਆਲੇ-ਦੁਆਲੇ ਦੇ ਸੈਂਕੜੇ ਏਕੜ ਰਕਬੇ ਨੂੰ ਅੱਗ ਦੀ ਲਪੇਟ ਵਿਚ ਆਉਣ ਤੋਂ ਬਚਾਉਣ ਲਈ ਚੁੱਕਿਆ ਜਾਂਦਾ ਹੈ। ਪਰ ਵਾਹੀ ਗਈ ਕਣਕ ਨੂੰ ਹਾਲੇ ਤੱਕ ਮੁਆਵਜ਼ੇ ਦੀ ਸ਼੍ਰੇਣੀ ’ਚ ਨਹੀਂ ਰੱਖਿਆ ਗਿਆ। ਭਾਰਤੀ ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅੱਗ ਬੁਝਾਉਣ ਲਈ ਵਾਹੀ ਗਈ ਕਣਕ ਦੀ ਤੁਰੰਤ ਵਿਸ਼ੇਸ਼ ਗਰਦਾਵਰੀ ਕਰਵਾਈ ਜਾਵੇ, ਇਸ ਵਾਹੀ ਗਈ ਫ਼ਸਲ ਨੂੰ ਵੀ ਅੱਗ ਨਾਲ ਹੋਏ ਨੁਕਸਾਨ ਦੇ ਬਰਾਬਰ ਮੰਨਦਿਆਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।