ਵਿਗਿਆਨ ਵਿਸ਼ੇ ਨੂੰ ਰੋਚਕ ਬਨਾਉਣਾ ਬੇਹੱਦ ਜ਼ਰੂਰੀ : ਡਾ. ਸਤਿੰਦਰ ਸਿੰਘ
ਭਾਰਤੀ ਏਅਰਟੈੱਲ ਫਾਊਂਡੇਸ਼ਨ ਨੇ ਸਰਕਾਰੀ ਸਕੂਲਾਂ ਨੂੰ ਦਿੱਤੇ 18 ਕੰਪਿਊਟਰ ਅਤੇ 3 ਟੈਲੀਸਕੋਪ
Publish Date: Sun, 15 Mar 2026 05:12 PM (IST)
Updated Date: Sun, 15 Mar 2026 05:15 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਵਿਚ ਇਨੋਵੇਸ਼ਨ, ਟੈਕਨਾਲੋਜੀ ਅਤੇ ਵਿਗਿਆਨ ਪ੍ਰਤੀ ਰੁਚੀ ਵਧਾਉਣ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਭਾਰਤੀ ਏਅਰਟੈੱਲ ਫਾਊਂਡੇਸ਼ਨ ਵੱਲੋਂ ਕੁਆਲਿਟੀ ਸਪੋਰਟ ਪ੍ਰੋਗਰਾਮ ਅਧੀਨ 18 ਸਰਕਾਰੀ ਸਕੂਲਾਂ ਨੂੰ ਮਹੱਤਵਪੂਰਨ ਸਹਿਯੋਗ ਪ੍ਰਦਾਨ ਕੀਤਾ ਜਾ ਰਿਹਾ ਹੈ। ਇਹ ਉਪਰਾਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਮੁਨੀਲਾ ਅਰੋੜਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਦੀ ਅਗਵਾਈ ਹੇਠ ਅੱਗੇ ਵਧਾਇਆ ਜਾ ਰਿਹਾ ਹੈ। ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਾ. ਸਤਿੰਦਰ ਸਿੰਘ ਦੀ ਅਗਵਾਈ ਹੇਠ ਭਾਰਤੀ ਏਅਰਟੈੱਲ ਫਾਊਂਡੇਸ਼ਨ ਵੱਲੋਂ ਐਸਟਰੋਨੋਮੀ ਕਲੱਬ ਦੇ ਤਹਿਤ ਵਿਦਿਆਰਥੀਆਂ ਵਿਚ ਪੁਲਾੜ ਵਿਗਿਆਨ ਪ੍ਰਤੀ ਦਿਲਚਸਪੀ ਵਧਾਉਣ ਲਈ 3 ਸਰਕਾਰੀ ਸਕੂਲਾਂ ਨੂੰ ਟੈਲੀਸਕੋਪ ਮੁਹੱਈਆ ਕਰਵਾਏ ਗਏ। ਇਸ ਤੋਂ ਇਲਾਵਾ ਆਈ ਟੀ ਇਨੋਵੇਸ਼ਨ ਕਲੱਬ ਦੇ ਤਹਿਤ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਅਤੇ ਨਵੀਆਂ ਖੋਜਾਂ ਨੂੰ ਉਤਸ਼ਾਹਿਤ ਕਰਨ ਲਈ ਕੁਆਲਿਟੀ ਸਪੋਰਟ ਪ੍ਰੋਗਰਾਮ ਅਧੀਨ 18 ਸਕੂਲਾਂ ਨੂੰ ਕੰਪਿਊਟਰ ਵੀ ਦਿੱਤੇ ਗਏ। ਇਸ ਮੌਕੇ ਫਾਊਂਡੇਸ਼ਨ ਵਲੋਂ ਦੀਪਕ ਕੁਮਾਰ ਅਤੇ ਇਸ਼ਵਨੀਤ ਸਿੰਘ ਵੀ ਹਾਜ਼ਰ ਰਹੇ। ਇਸ ਮੌਕੇ ਡਾ. ਸਤਿੰਦਰ ਸਿੰਘ ਨੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਫਾਊਂਡੇਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਉਪਕਰਨ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰਯੋਗਾਤਮਕ ਸਿੱਖਿਆ ਨਾਲ ਜੋੜਣ ਵਿਚ ਮੱਦਦਗਾਰ ਸਾਬਤ ਹੋਣਗੇ। ਉਨ੍ਹਾਂ ਵੱਲੋਂ ਪਿਛਲੇ ਤਿਮਾਹੀ ਦੌਰਾਨ ਕੁਆਲਿਟੀ ਸਪੋਰਟ ਪ੍ਰੋਗਰਾਮ ਅਧੀਨ ਆਉਂਦੇ ਸਕੂਲਾਂ ਵੱਲੋਂ ਰਾਸ਼ਟਰੀ ਪੱਧਰ ’ਤੇ ਹੋਏ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲੈਣ ਦੀ ਪ੍ਰਸੰਸਾ ਕਰਦਿਆਂ ਕਿਹਾ ਗਿਆ ਕਿ ਅਜਿਹੇ ਸਾਰਥਕ ਉਪਰਾਲੇ ਨਾ ਸਿਰਫ਼ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਅਤੇ ਵਿਗਿਆਨ ਨਾਲ ਜੋੜਦੇ ਹਨ, ਸਗੋਂ ਪੂਰੇ ਜ਼ਿਲ੍ਹੇ ਦੇ ਹੋਰ ਸਕੂਲਾਂ ਲਈ ਵੀ ਪ੍ਰੇਰਣਾ ਅਤੇ ਮਾਰਗਦਰਸ਼ਨ ਦਾ ਸਰੋਤ ਬਣਦੇ ਹਨ। ਉਨ੍ਹਾਂ ਨੇ ਵਪਾਰਕ ਅਤੇ ਸਮਾਜਿਕ ਸੰਸਥਾਵਾਂ ਨੂੰ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਪਵਨ ਮਦਾਨ ਐੱਮਆਈਐੱਸ ਕੋਆਰਡੀਨੇਟਰ, ਦਿਨੇਸ਼ ਕੁਮਾਰ ਡੀਆਰਸੀ, ਸੁਖਚੈਨ ਸਿੰਘ ਸਟੈਨੋ ਅਤੇ ਸਬੰਧਤ ਸਕੂਲਾਂ ਦੇ ਮੁਖੀ ਅਤੇ ਅਧਿਆਪਕ ਹਾਜ਼ਰ ਸਨ।