ਕਿਸਾਨਾਂ ਦੀ ਖੱਜਲ-ਖੁਆਰੀ ਬਰਦਾਸ਼ਤ ਨਹੀਂ ਕਰਾਂਗੇ : ਬਲਦੇਵ ਸਿੰਘ ਜ਼ੀਰਾ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਵਿਧਾਇਕ ਜ਼ੀਰਾ ਨਾਲ ਮੀਟਿੰਗ ਉਪਰੰਤ ਕਣਕ ਦੀ ਖਰੀਦ ਸ਼ੁਰੂ ਕਰਵਾਈ
Publish Date: Tue, 14 Apr 2026 05:08 PM (IST)
Updated Date: Wed, 15 Apr 2026 04:04 AM (IST)

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਵਿਧਾਇਕ ਜ਼ੀਰਾ ਨਾਲ ਮੀਟਿੰਗ ਉਪਰੰਤ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਅੱਜ ਦਾਣਾ ਮੰਡੀ ਜ਼ੀਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜੀਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਹਫਤੇ ਭਰ ਤੋਂ ਮੰਡੀਆਂ ਵਿੱਚ ਰੁਲ ਰਿਹਾ ਹੈ, ਕੇਂਦਰੀ ਏਜੰਸੀਆਂ ਕਿਸਾਨਾਂ ਦੀ ਫਸਲ ਖ਼ਰੀਦਣ ਤੋਂ ਟਾਲ- ਮਟੋਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਣਕ ਦਾ ਦਾਣਾ ਕਾਲਾ ਹੋਣ ਤੇ ਬੇਰੰਗ ਹੋਣ ਦੀ ਸਜ਼ਾ ਕਿਸਾਨਾਂ ਨੂੰ ਦਿੱਤੀ ਜਾ ਰਹੀ ਜਦਕਿ ਇਹ ਕੁਦਰਤੀ ਤੌਰ ਤੇ ਮੋਸਮ ਦੀ ਖਰਾਬੀ ਕਾਰਨ ਹੋਇਆ ਹੈ। ਬਲਦੇਵ ਜ਼ੀਰਾ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਦੇ ਇੰਸਪੈਕਟਰਾਂ ਵੱਲੋਂ ਕੀਤੀ ਹੜਤਾਲ ਕਾਰਨ ਹਫਤੇ ਭਰ ਤੋਂ ਕਣਕ ਦੀ ਖਰੀਦ ਦਾ ਕੰਮ ਰੁਕਿਆ ਹੋਇਆ ਹੈ, ਜਿਸ ਤੇ ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦਾਣਾ ਮੰਡੀ ਜ਼ੀਰਾ ਵਿਚ ਹਲਕਾ ਵਿਧਾਇਕ ਨਰੇਸ਼ ਕਟਾਰੀਆ, ਇੰਸਪੈਕਟਰਾਂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਇਕਬਾਲ ਸਿੰਘ ਢਿੱਲੋਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਤਰੁੰਤ ਖਰੀਦ ਬਿਨਾਂ ਕਿਸੇ ਕੱਟ ਤੋਂ ਸ਼ੁਰੂ ਕਰਨ ਦੀ ਗੱਲ ਹੋਈ ਅਤੇ ਵਿਧਾਇਕ ਜ਼ੀਰਾ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਵੱਲੋਂ ਤਰੁੰਤ ਕਣਕ ਦੀ ਖਰੀਦ ਸ਼ੁਰੂ ਕਰਵਾਈ। ਸੂਬਾ ਪ੍ਰਧਾਨ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਦੀ ਖੱਜਲ ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਜੇਕਰ ਪੂਰੇ ਪੰਜਾਬ ਵਿਚ ਖ਼ਰੀਦ ਤਰੁੰਤ ਸ਼ੁਰੂ ਨਾ ਹੋਈ ਤਾਂ ਸੜਕਾਂ ਤੇ ਉਤਰਨਾ ਕਿਸਾਨਾਂ ਦੀ ਮਜ਼ਬੂਰੀ ਹੋਵੇਗੀ। ਇਸ ਸਮੇਂ ਜ਼ਿਲ੍ਹਾ ਆਗੂ ਜੁਗਰਾਜ ਸਿੰਘ ਫੇਰੋਕੇ, ਸੁਖਵਿੰਦਰ ਸਿੰਘ ਅਲੀਪੁਰ, ਬੂਟਾ ਸਿੰਘ ਲਹਿਰਾ, ਹਰਭਜਨ ਸਿੰਘ, ਕਾਲ਼ਾ ਸਿੰਘ ਲਹੁਕਾ, ਸੁਖਦੇਵ ਸਿੰਘ ਜੱਲੇਖਾਂ, ਗੁਰਮੇਲ ਸਿੰਘ, ਜਰਮਲ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਬਲਰਾਜ ਸਿੰਘ ਫੇਰੋਕੇ ਅਮਨਦੀਪ ਸਿੰਘ ਕੱਚਰਭੰਨ ਆਦਿ ਆਗੂ ਮੌਜ਼ੂਦ ਰਹੇ।