- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਸ਼ੁਭਕਰਨ ਨੂੰ ਦਿੱਤੀਆਂ ਸ਼ਰਧਾਂਜਲੀਆਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਅੱਜ ਜ਼ੀਰਾ ਦੇ ਪਿੰਡ ਢੰਡੀਆਂ ਵਿਖੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ਹੇਠ ਕਰਵਾਏ ਗਏ ਇਕ ਸਮਾਗਮ ਦੌਰਾਨ ਖਨੌਰੀ ਬਾਰਡਰ ’ਤੇ ਜਾਨ ਗੁਆਉਣ ਵਾਲੇ ਸ਼ੁਭਕਰਨ ਸਿੰਘ ਬੱਲੋ ਸਮੇਤ ਹੋਰ ਕਿਸਾਨ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਅਤੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਗਈ। ਇਸ ਦੌਰਾਨ ਰੈਲੀ ਨੂੰ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ, ਸੂਬਾ ਆਗੂ ਕੁਲਦੀਪ ਸਿੰਘ ਗੁਰਦਾਸਪੁਰ, ਗੁਰਪ੍ਰੀਤ ਸਿੰਘ ਫਰੀਦੇ ਵਾਲਾ, ਸੁਖਵਿੰਦਰ ਸਿੰਘ ਅਲੀਪੁਰ, ਜੁਗਰਾਜ ਸਿੰਘ ਫੇਰੋਕੇ, ਜ਼ਿਲ੍ਹਾ ਪ੍ਰਚਾਰ ਸਕੱਤਰ ਗੁਰਭਾਗ ਸਿੰਘ ਮਰੂੜ, ਜ਼ਿਲ੍ਹਾ ਆਗੂ ਗੁਲਜ਼ਾਰ ਸਿੰਘ ਗੋਗੋਆਣੀ, ਪ੍ਰੈੱਸ ਸਕੱਤਰ ਨਵਜੋਤ ਨੀਲੇਵਾਲਾ, ਸਤਵੀਰ ਕੌਰ, ਨਿੰਦਰ ਕੌਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਗਿਆਨ ਸਿੰਘ ਸ਼ਾਹਵਾਲਾ, ਕੁਲਵਿੰਦਰ ਸਿੰਘ ਕਾਲਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ 13 ਫਰਵਰੀ 2024 ਨੂੰ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਨੇ ਦਿੱਲੀ ਕੂਚ ਦਾ ਪ੍ਰੋਗਰਾਮ ਦਿੱਤਾ ਸੀ, ਪਰ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਸਖ਼ਤ ਬੈਰੀਕੇਟਿੰਗ ਕਰਕੇ ਅਤੇ ਵੱਡੀ ਪੱਧਰ ਤੇ ਫੋਰਸਾਂ ਝੋਕ ਕੇ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਦੇ ਬਾਰਡਰਾਂ ’ਤੇ ਸ਼ੰਬੂ ਅਤੇ ਖਨੌਰੀ ਰੋਕ ਲਿਆ, ਦੋ ਦਿਨ ਦੀ ਜੱਦੋ ਜਹਿਦ ਹੁੰਦੀ ਰਹੀ 21 ਫਰਵਰੀ ਨੂੰ ਦੁਬਾਰਾ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਿਨ ਖਨੌਰੀ ਬਾਰਡਰ ਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋ ਗਿਆ । ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਐੱਮਐੱਸਪੀ ਗਰੰਟੀ ਕਾਨੂੰਨ ਬਣਾਉਣ, ਕਰਜ਼ਾ ਮਾਫੀ, ਫਸਲਾਂ ਦਾ ਬੀਮਾ, ਹਰ 58 ਸਾਲ ਦੇ ਮਜ਼ਦੂਰ ਕਿਸਾਨ ਨੂੰ ਪੈਨਸ਼ਨ, ਨਰੇਗਾ ਕਾਨੂੰਨ ਤਹਿਤ 200 ਦਿਨ ਦੀ ਕੰਮ ਗਰੰਟੀ ਆਦਿ ਮੰਗਾਂ ਲਈ ਸੰਘਰਸ਼ ਕਰ ਰਹੇ ਸਨ। ਕੇਂਦਰ ਸਰਕਾਰ ਨੇ ਇਹ ਮੰਗਾਂ ਤਾਂ ਕੀ ਮੰਨਣੀਆਂ ਸੀ, ਉਲਟਾ ਕਿਸਾਨ ਮਜ਼ਦੂਰ ਵਿਰੋਧੀ ਬਿੱਲ ਬਿਜਲੀ ਸੋਧ ਬਿੱਲ 2025,ਬੀਜ ਬਿੱਲ 2025 ,ਖੇਤੀ ਨੀਤੀ ਰਾਹੀਂ ਪੁਰਾਣੇ ਵਾਪਸ ਕਰਾਏ ਕਾਲੇ ਖੇਤੀ ਕਾਨੂੰਨਾਂ, ਕਾਰਪੋਰੇਟਾਂ ਲਈ ਲੈਂਡ ਪੋਲਿੰਗ ਪਾਲਸੀ ਰਾਹੀਂ ਕਿਸਾਨਾਂ ਤੋਂ ਉਪਜਾਊ ਜ਼ਮੀਨਾਂ ਖੋਹਣੀਆਂ ਆਦਿ ਬਿੱਲ ਲਿਆਂਦੇ ਗਏ। ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਲੋਕ ਵਿਰੋਧੀ ਫੈਸਲਿਆਂ ਦਾ ਵੀ ਡੱਟ ਕੇ ਵਿਰੋਧ ਕੀਤਾ ਅਤੇ ਲਾਗੂ ਹੋਣ ਤੋਂ ਰੋਕਣ ਲਈ ਜੱਦੋ ਜਹਿਦ ਕੀਤੀ । ਸੂਬਾ ਪ੍ਰਧਾਨ ਨੇ ਕਿਹਾ ਕਿ ਭਾਰਤ ਸਰਕਾਰ ਸਾਮਰਾਜਵਾਦ ਖਾਸ ਕਰਕੇ ਅਮਰੀਕਨ ਸਾਮਰਾਜਵਾਦ ਦੇ ਥੱਲੇ ਲੱਗੀ ਹੋਈ ਹੈ, ਉਸ ਨਾਲ ਫਰੀ ਟ੍ਰੇਡ ਸਮਝੌਤੇ ਕਰਕੇ, ਸਾਡੀ ਖੇਤੀਬਾੜੀ ਨੂੰ ਹੋਰ ਡੋਬ ਰਹੀ ਹੈ। ਇਨ੍ਹਾਂ ਹਮਲਿਆਂ ਦਾ ਇਕਜੁੱਟ ਹੋ ਕੇ ਜਵਾਬ ਦੇਣਾ ਬਣਦਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਕਿਸਾਨ ਲਹਿਰ ਨੂੰ ਇੱਕ ਜੁੱਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਹੀ ਇਨ੍ਹਾਂ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਸਕਦਾ ਹੈ ।ਇਸ ਸਮੇਂ ਸੋਹਣ ਸਿੰਘ ਢੰਡੀਆਂ, ਜਰਮਲ ਸਿੰਘ,ਜਸਵੀਰ ਸਿੰਘ ਮਨਸੂਰ ਵਾਲ, ਸੁਖਦੇਵ ਸਿੰਘ ਤਲਵੰਡੀ ਜੱਲੇ ਖਾਂ, ਬੱਚਿਤਰ ਸਿੰਘ ਢਿੱਲੋਂ ਆਦਿ ਕਿਸਾਨ ਅਤੇ ਮਜ਼ਦੂਰ ਵੱਡੀ ਗਿਣਤੀ ਵਿਚ ਹਾਜ਼ਰ ਸਨ।