80% ਪੇਂਡੂ ਕਮੇਟੀਆਂ ਦੀ ਚੋਣ ਮੁਕੰਮਲ : ਬਲਦੇਵ ਜ਼ੀਰਾ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸੂਬਾ ਡੈਲੀਗੇਟ ਇਜਲਾਸ ਸਬੰਧੀ ਪਿੰਡ ਮਨਸੂਰਵਾਲ ਕਲਾਂ ’ਚ ਕਮੇਟੀ ਦੀ ਚੋਣ
Publish Date: Fri, 13 Mar 2026 04:24 PM (IST)
Updated Date: Fri, 13 Mar 2026 04:27 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸੂਬਾ ਡੈਲੀਗੇਟ ਇਜਲਾਸ ਦੀਆਂ ਤਿਆਰੀਆਂ ਸਬੰਧੀ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ਹੇਠ ਪਿੰਡਾਂ ’ਚ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਵੀਂ ਲੀਡਰਸ਼ਿਪ, ਖ਼ਾਸ ਕਰਕੇ ਨੌਜਵਾਨਾਂ ਨੂੰ ਅੱਗੇ ਲਿਆਉਣ ਲਈ ਬਲਾਕ ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਦੀ ਚੋਣ ਕੀਤੀ ਗਈ।ਇਸ ਮੌਕੇ ਗੁਰਮੇਲ ਸਿੰਘ ਪ੍ਰਧਾਨ, ਅਮਰਜੀਤ ਸਿੰਘ ਸਕੱਤਰ, ਹਰਵਿੰਦਰ ਸਿੰਘ ਖ਼ਜ਼ਾਨਚੀ, ਜਸਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਮੀਤ ਪ੍ਰਧਾਨ ਅਤੇ ਤਰਸੇਮ ਸਿੰਘ ਪ੍ਰੈੱਸ ਸਕੱਤਰ ਚੁਣੇ ਗਏ, ਨਾਲ ਹੀ 27 ਮੈਂਬਰੀ ਪਿੰਡ ਕਮੇਟੀ ਦੀ ਵੀ ਚੋਣ ਕੀਤੀ ਗਈ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਦੱਸਿਆ ਕਿ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਵਧੀਆ ਕੰਮ ਕਰਨ ਵਾਲੇ ਵਰਕਰਾਂ ਨੂੰ ਹੀ ਅਹੁਦੇਦਾਰ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਡੈਲੀਗੇਟ ਇਜਲਾਸ ਦੀਆਂ ਤਿਆਰੀਆਂ ਸਬੰਧੀ ਪਿੰਡ ਕਮੇਟੀਆਂ ਬਲਾਕਾਂ ਦੀਆਂ ਅਤੇ ਬਲਾਕ ਕਮੇਟੀਆਂ ਜ਼ਿਲ੍ਹਾ ਪੱਧਰ ਦੀਆਂ ਚੋਣਾਂ ਕਰਨਗੀਆਂ। ਅਖੀਰ ਚ ਸਾਰੇ ਜ਼ਿਲ੍ਹਿਆਂ ਤੋਂ ਆਏ ਡੈਲੀਗੇਟ ਸੂਬਾ ਕਮੇਟੀ ਦੀ ਚੋਣ ਕਰਨਗੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲੱਗਭਗ 80 ਫ਼ੀਸਦੀ ਪਿੰਡ ਕਮੇਟੀਆਂ ਦੀਆਂ ਚੋਣਾਂ ਹੋ ਚੁੱਕੀਆਂ ਹਨ।