ਸਰਕਾਰਾਂ ਨੇ ਸ਼ਹੀਦਾਂ ਦੀ ਕੁਰਬਾਨੀ ਨੂੰ 10-10 ਨੰਬਰਾਂ ਦੇ ਲੇਖ ਬਣਾ ਕੇ ਰੱਖ ਦਿੱਤਾ : ਭਗਵੰਤ ਮਾਨ
ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ’ਤੇ ਭਗਵੰਤ ਮਾਨ ਨੇ ਭੇਟ ਕੀਤੀ ਸ਼ਰਧਾਂਜਲੀ
Publish Date: Mon, 23 Mar 2026 07:12 PM (IST)
Updated Date: Mon, 23 Mar 2026 07:13 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਹੁਸੈਨੀਵਾਲਾ (ਫਿਰੋਜ਼ਪੁਰ) : ਸ਼ਹੀਦ ਕਿਸੇ ਪਰਿਵਾਰ ਦੇ ਨਹੀਂ, ਸਗੋਂ ਪੂਰੇ ਦੇਸ਼ ਦਾ ਸਰਮਾਇਆ ਹੁੰਦੇ ਹਨ। ਉਨ੍ਹਾਂ ਵੰਡ ਤੋਂ ਪਹਿਲੋਂ ਦੇ ਸਾਂਝੇ ਹਿੰਦੁਸਤਾਨ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਹੁਸੈਨੀਵਾਲਾ ਦੀ ਇਤਿਹਾਸਕ ਧਰਤੀ ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ’ਤੇ ਕਰਵਾਏ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ । ਕੇਂਦਰੀ ਹਾਕਮਾਂ ’ਤੇ ਤੰਜ਼ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸਾਡੇ ਆਲੇ ਤਾਂ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਹੀਦ ਹੀ ਨਹੀਂ ਮੰਨਦੇ, ਉਹ ਕਹਿੰਦੇ ਹਨ ਕਿ ‘ਵੋਹ ਤੋ ਸਮਾਜਿਕ ਕਾਰਿਆਕਰਤਾ ਥੇ।’ ਮਾਨ ਨੇ ਆਖਿਆ ਕਿ ਸਮੇਂ ਦੀਆਂ ਸਰਕਾਰਾਂ ਨੇ ਸ਼ਹੀਦਾਂ ਦੀ ਕੁਰਬਾਨੀ ਨੂੰ 10-10 ਨੰਬਰਾਂ ਦੇ ਲੇਖ ਬਣਾ ਕੇ ਰੱਖ ਦਿੱਤਾ। ਹੁਣ ਉਨ੍ਹਾਂ ਬਾਰੇ ਸਾਰਾ ਕੁੱਝ ਪੜ੍ਹਾਇਆ ਜਾਂਦਾ ਹੈ। ਇਸ ਮੋਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੋਂਦ, ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ, ਹਲਕਾ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ, ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ਼, ਚੇਅਰਮੈਨ ਬੀਸੀ ਕਮਿਸ਼ਨ ਮਲਕੀਤ ਥਿੰਦ, ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਸ਼ਹੀਦਾਂ ਦੀਆਂ ਸਮਾਧਾਂ ਤੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਮੁੱਖ ਮੰਤਰੀ ਮਾਨ ਨੇ ਆਖਿਆ ਕਿ ਅੱਜ ਦਾ ਦਿਨ ਕੋਈ ਸਿਆਸੀ ਦਿਹਾੜਾ ਨਹੀਂ, ਸਗੋਂ ਉਹਨਾਂ ਮਹਾਨ ਸਪੂਤਾਂ ਨੂੰ ਯਾਦ ਕਰਨ ਦਾ ਦਿਨ ਹੈ ਜਿਨ੍ਹਾਂ ਨੇ ਮਹਿਜ਼ 23 ਸਾਲ ਦੀ ਉਮਰ ਵਿੱਚ ਫਾਂਸੀ ਦੇ ਰੱਸਿਆਂ ਨੂੰ ਚੁੰਮ ਕੇ ਸਾਨੂੰ ਆਜ਼ਾਦ ਫ਼ਿਜ਼ਾ ਵਿੱਚ ਜਿਉਣ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਲੋਕ ਆਉਂਦੇ ਹਨ, ਪੈਸਾ ਅਤੇ ਜਾਇਦਾਦਾਂ ਬਣਾਉਂਦੇ ਹਨ ਪਰ ਇਤਿਹਾਸ ਸਿਰਫ਼ ਉਨ੍ਹਾਂ ਨੂੰ ਯਾਦ ਰੱਖਦਾ ਹੈ ਜਿਨ੍ਹਾਂ ਨੇ ਦੇਸ਼ ਅਤੇ ਕੌਮ ਲਈ ਆਪਣਾ ਆਪ ਵਾਰਿਆ ਹੋਵੇ। ਇੱਕ ਪ੍ਰੇਰਨਾਦਾਇਕ ਕਹਾਣੀ ਰਾਹੀਂ ਇਹ ਸੁਨੇਹਾ ਦਿੱਤਾ ਗਿਆ ਕਿ ਸੱਚਾ ਲੀਡਰ ਉਹ ਨਹੀਂ ਜੋ ਖ਼ਜ਼ਾਨੇ ਵੰਡ ਕੇ ਮਸ਼ਹੂਰੀ ਚਾਹੁੰਦਾ ਹੈ, ਸਗੋਂ ਉਹ ਹੈ ਜੋ ਲੋਕਾਂ ਲਈ ਆਪਣੀ ਵਾਰੀ (ਸੁੱਖ-ਸਹੂਲਤਾਂ) ਕੁਰਬਾਨ ਕਰ ਦੇਵੇ। ਸ਼ਹੀਦ ਭਗਤ ਸਿੰਘ ਨੇ ਆਪਣੀ ਜ਼ਿੰਦਗੀ ਦੀ ਵਾਰੀ ਦੇਸ਼ ਦੇ ਲੇਖੇ ਲਾਈ, ਇਸੇ ਲਈ ਅੱਜ ਹਜ਼ਾਰਾਂ ਸਾਲਾਂ ਬਾਅਦ ਵੀ ਉਹ ਨੌਜਵਾਨੀ ਦੇ ਪ੍ਰੇਰਨਾ ਸਰੋਤ ਬਣੇ ਰਹਿਣਗੇ। ਇਸ ਮੋਕੇ ਭਾਸ਼ਣ ਦੌਰਾਨ ਉਨ੍ਹਾਂ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਅਤੇ ਗਦਰੀ ਬਾਬਿਆਂ ਦੇ ਸੰਘਰਸ਼ ਨੂੰ ਵੀ ਯਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿੱਥੇ ਔਰੰਗਜ਼ੇਬ ਵਰਗੇ ਸ਼ਾਸਕਾਂ ਦੀਆਂ ਕਬਰਾਂ ਤੇ ਦੀਵਾ ਜਗਾਉਣ ਵਾਲਾ ਕੋਈ ਨਹੀਂ, ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਅਤੇ ਦੇਸ਼ ਦੇ ਸ਼ਹੀਦਾਂ ਦੇ ਨਾਂ ਤੇ ਅੱਜ ਵੀ ਵੱਡੇ ਮੇਲੇ ਲੱਗਦੇ ਹਨ। ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਸਨਮਾਨ ਵਿੱਚ ਲਏ ਗਏ ਅਹਿਮ ਫੈਸਲਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਗਿਆ ਹੈ। ਹਲਵਾਰਾ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਣ ਲਈ ਸਹਿਮਤੀ ਬਣ ਚੁੱਕੀ ਹੈ।ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸ਼ਹੀਦੇ ਆਜ਼ਮ ਦੇ ਬੁੱਤ ਪਾਕਿਸਤਾਨ ਵਿਚ ਲੱਗਣੇ ਚਾਹੀਦੇ ਹਨ।ਪਾਰਲੀਮੈਂਟ ਵਿੱਚ ਵੀ ਸ਼ਹੀਦਾਂ ਨੂੰ ਭਾਰਤ ਰਤਨ ਦੇਣ ਦੀ ਮੰਗ ਪੁਰਜ਼ੋਰ ਤਰੀਕੇ ਨਾਲ ਉਠਾਈ ਗਈ ਹੈ। ਇਸ ਮੋਕੇ ਮੁੱਖ ਮੰਤਰੀ ਮਾਨ ਤੇ ਵਿਧਾਇਕਾਂ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੁ ਤੇ ਸੁਖਦੇਵ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਸ਼ਾ ਵਿਰੋਧੀ ਕੁਆਰਡੀਨੇਟਰ ਡਾ. ਅਮਨਦੀਪ ਕੌਰ, ‘ਆਪ’ ਦੇ ਸਥਾਨਕ ਆਗੂ ਰਾਜ ਬਹਾਦੁਰ ਸਿੰਘ ਗਿੱਲ, ਡਾਕਟਰ ਅੰਮ੍ਰਿਤਪਾਲ ਸਿੰਘ ਸੋਢੀ, ਬਲਾਕ ਸੰਮਤੀ ਮੈਂਬਰ ਸੁਖਚੈਨ ਸਿੰਘ ਖਾਈ ,ਬਲਾਕ ਸੰਮਤੀ ਮੈਂਬਰ ਦਿਲਬਾਗ ਸਿੰਘ, ਮਾਰਕੀਟ ਕਮੇਟੀ ਚੇਅਰਮੈਨ ਬਲਰਾਜ ਕਟੋਰਾ, ਕਿੱਕਰ ਸਿੰਘ ਕੁਤਬੇਵਾਲਾ, ਅਭੀ ਬਰਾੜ, ਜਗਦੀਪ ਸਿੰਘ ਸੰਧੂ, ਗੁਰਬਾਗ ਸਿੰਘ ਸੰਧੁ, ਜੋਗਿੰਦਰ ਸਿੰਘ ਮਾਣਕ ਅਤੇ ਹੋਰ ਵੀ ਕਈ ਹਾਜ਼ਰ ਸਨ।